ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 84ਵੀਂ ਬਰਸੀ 30 ਨੂੰ : ਬਾਬਾ ਬਲਬੀਰ ਸਿੰਘ 96 ਕਰੋੜੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 84ਵੀਂ ਬਰਸੀ 30 ਜੁਲਾਈ ਨੂੰ ਮਨਾਈ ਜਾਵੇਗੀ: ਬਾਬਾ ਬਲਬੀਰ ਸਿੰਘ 96 ਕਰੋੜੀ
Publish Date: Fri, 24 Jul 2026 06:36 PM (IST)
Updated Date: Sat, 25 Jul 2026 04:05 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ 11ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 84ਵੀਂ ਸਲਾਨਾ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ, ਸ੍ਰੋਮਣੀ ਸੇਵਾ ਰਤਨ, ਸ੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਹੇਠ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾ: 10ਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਣਗੇ। ਇਸ ਸਬੰਧੀ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਅਤੇ ਬਾਬਾ ਜੱਸਾ ਸਿੰਘ ਨੇ ਸਾਝੇ ਤੌਰ ’ਤੇ ਦੱਸਿਆ ਕਿ 28 ਜੁਲਾਈ ਮੰਗਲਵਾਰ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਜਿਸ ਦੇ ਭੋਗ 15 ਸਾਵਣ 30 ਜੁਲਾਈ ਵੀਰਵਾਰ ਨੂੰ ਪਾਏ ਜਾਣਗੇ। ਭੋਗ ਉਪਰੰਤ ਸਜੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਪੰਥ ਦੇ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਕਥਾਵਾਚਕ ਭਾਈ ਸੁਖਜੀਤ ਸਿੰਘ ਕਨ੍ਹਈਆ ਸੰਗਤਾਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿੱਚ ਬਾਬਾ ਸਾਹਿਬ ਸਿੰਘ ਨੇ ਆਪਣੇ ਸਮੇਂ ਵਿੱਚ ਦਲ ਪੰਥ ਦੇ ਵਿਕਾਸ ਲਈ ਅਹਿਮ ਕਾਰਜ ਕੀਤੇ ਹਨ। ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਛਾਉਂਣੀਆਂ ਦੇ ਮੁੱਖ ਸੇਵਾਦਾਰ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਉਨ੍ਹਾਂ ਦਸਿਆ ਕਿ ਇਸ ਮੌਕੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਅੰਮ੍ਰਿਤ ਸੰਚਾਰ ਸਮਾਗਮ ਵੀ ਹੋਵੇਗਾ। ਤਿੰਨੇ ਦਿਨ ਧਾਰਮਿਕ ਦੀਵਾਨ ਸੱਜਣਗੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਨਿਹੰਗ ਸਿੰਘ ਫੌਜਾਂ ਦੇ ਲਾਇਸੈਂਸ ਵੀ ਨਵੇਂ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਨੀਲਾਂਬਰੀ ਨਿਸ਼ਾਨ ਸਾਹਿਬਾਨ ਦੀ ਤਾਬਿਆ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਮਹੱਲਾ ਕੱਢਿਆ ਜਾਵੇਗਾ। ਗੁਰੂ ਦੀਆਂ ਲਾਡਲੀਆਂ ਫੌਜਾਂ ਪੁਰਾਤਨ ਰਵਾਇਤ ਮੁਤਾਬਕ ਪੂਰੇ ਜਾਹੋ ਜਲਾਲ ਦੇ ਨਾਲ ਘੋੜ ਦੋੜ, ਨੇਜੇਬਾਜ਼ੀ ਅਤੇ ਦੋ ਤੋਂ ਵੱਧ ਘੋੜਿਆਂ ਦੀ ਸਵਾਰੀ, ਤੀਰ ਅੰਦਾਜ਼ੀ ਅਤੇ ਗਤਕੇ ਦੇ ਜੋਹਰ ਦਿਖਾਉਣਗੇ। ਉਪਰੰਤ ਜਥੇਦਾਰ ਬਲਬੀਰ ਸਿੰਘ ਜੇਤੂਆਂ ਨੂੰ ਇਨਾਮਾਂ ਦੀ ਬਖਸ਼ਿਸ਼ ਕਰਨਗੇ।