ਹਕੀਕਤ ਤੇ ਕਲਪਨਾ ਵਿਚਕਾਰ ਉਲਝੇ ਦਰਸ਼ਕ, ਨਾਟਕ ‘ਖਿੜਕੀ’ ਨੇ ਛੱਡੀ ਡੂੰਘੀ ਛਾਪ ਹਕੀਕਤ ਅਤੇ ਕਲਪਨਾ ਵਿਚਕਾਰ ਉਲਝੇ ਦਰਸ਼ਕ, ਨਾਟਕ ‘ਖਿੜਕੀ’ ਨੇ ਛੱਡੀ ਡੂੰਘੀ ਛਾਪ
Publish Date: Wed, 30 Sep 2026 04:26 PM (IST)
Updated Date: Wed, 30 Sep 2026 04:27 PM (IST)
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਚੌਥੀ ਰਾਤ ਚਰਚਿਤ ਹਿੰਦੀ ਨਾਟਕ ‘ਖਿੜਕੀ’ ਦਾ ਮੰਚਣ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਦੀ ਰਾਤ ਨੂੰ ਦੇਹਰਾਦੂਨ ਦੇ ਨਾਟਕ ਗਰੁੱਪ ਏਕਲਵਿਆ ਦੀ ਟੀਮ ਵੱਲੋਂ ਵਿਕਾਸ ਬਾਹਰੀ ਦੁਆਰਾ ਲਿਖੇ ਚਰਚਿਤ ਹਿੰਦੀ ਨਾਟਕ ‘ਖਿੜਕੀ’ ਦਾ ਮੰਚਣ ਕੀਤਾ ਗਿਆ। ਅਖਿਲੇਸ਼ ਨਾਰੇਨ ਦੇ ਪ੍ਰਭਾਵਸ਼ਾਲੀ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੀ ਰੱਖਿਆ। ਨਾਟਕ ਵਿੱਚ ਆਰਥਿਕ ਤੰਗੀ, ਇਕੱਲੇਪਣ ਅਤੇ ਰਚਨਾਤਮਕ ਸੰਘਰਸ਼ ਨਾਲ ਜੂਝ ਰਹੇ ਇੱਕ ਲੇਖਕ ਦੀ ਦੁਨੀਆ ਨੂੰ ਹਾਸ-ਰਸ, ਕਲਪਨਾ ਅਤੇ ਰਹੱਸ ਦੇ ਸਹਾਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੇਖਦਿਆਂ ਦਰਸ਼ਕ ਲਗਾਤਾਰ ਇਸ ਸਵਾਲ ਨਾਲ ਜੁੜੇ ਰਹੇ ਕਿ ਮੰਚ ’ਤੇ ਵਾਪਰ ਰਹੀਆਂ ਘਟਨਾਵਾਂ ਹਕੀਕਤ ਹਨ ਜਾਂ ਲੇਖਕ ਦੀ ਕਲਪਨਾ ਦਾ ਵਿਸਥਾਰ। ਨਾਟਕ ਦਾ ਕੇਂਦਰੀ ਪਾਤਰ ਇੱਕ ਪੇਸ਼ੇਵਰ ਲੇਖਕ ਹੈ, ਜੋ ਆਪਣੀ ਲੇਖਣੀ ਰਾਹੀਂ ਜੀਵਨ ਚਲਾਉਣ ਦੇ ਸੰਘਰਸ਼ ਵਿੱਚ ਫਸਿਆ ਹੋਇਆ ਹੈ। ਘਰ ਦੇ ਆਮ ਖਰਚਿਆਂ ਤੋਂ ਲੈ ਕੇ ਕਿਰਾਏ ਤੱਕ ਦੀ ਚਿੰਤਾ ਉਸ ਦੀ ਮਾਲੀ ਤੰਗੀ ਨੂੰ ਸਾਹਮਣੇ ਲਿਆਉਂਦੀ ਹੈ। ਇਸ ਦੇ ਬਾਵਜੂਦ ਉਸ ’ਤੇ ਲਗਾਤਾਰ ਨਵੀਂ ਕਹਾਣੀ ਲਿਖਣ ਅਤੇ ਸਮੇਂ ਸਿਰ ਉਸ ਨੂੰ ਪੂਰਾ ਕਰਨ ਦਾ ਦਬਾਅ ਹੈ। ਸਮੱਸਿਆ ਇਹ ਹੈ ਕਿ ਉਸ ਕੋਲ ਕਹਾਣੀ ਦਾ ਕੋਈ ਠੋਸ ਕਥਾਨਕ ਨਹੀਂ ਹੈ। ਖਾਲੀ ਕਾਗਜ਼ ਦੇ ਸਾਹਮਣੇ ਬੈਠਾ ਲੇਖਕ ਆਪਣੀਆਂ ਬੇਚੈਨ ਕਲਪਨਾਵਾਂ ਨਾਲ ਜੂਝਦਾ ਦਿਖਾਈ ਦਿੰਦਾ ਹੈ। ਇਸੇ ਦੌਰਾਨ ਉਸ ਦੀ ਨਜ਼ਰ ਖਿੜਕੀ ਦੇ ਪਾਰ ਰਹਿਣ ਵਾਲੀ ਇੱਕ ਕੁੜੀ ’ਤੇ ਪੈਂਦੀ ਹੈ। ਹੌਲੀ-ਹੌਲੀ ਉਹ ਕੁੜੀ ਲੇਖਕ ਦੀ ਕਲਪਨਾ ਅਤੇ ਉਸ ਦੀ ਕਹਾਣੀ ਦਾ ਕੇਂਦਰ ਬਣ ਜਾਂਦੀ ਹੈ। ਲੇਖਕ ਉਸ ਨੂੰ ਦੇਖ ਕੇ ਉਸ ਦੀ ਜ਼ਿੰਦਗੀ ਬਾਰੇ ਆਪਣੀਆਂ ਕਲਪਨਾਵਾਂ ਘੜਦਾ ਹੈ ਅਤੇ ਉਨ੍ਹਾਂ ਦੇ ਆਧਾਰ ’ਤੇ ਕਹਾਣੀ ਬੁਣਨ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਉਹੀ ਕੁੜੀ ਅਚਾਨਕ ਉਸ ਦੇ ਸਾਹਮਣੇ ਆ ਜਾਂਦੀ ਹੈ ਤਾਂ ਹਕੀਕਤ ਅਤੇ ਕਲਪਨਾ ਵਿਚਕਾਰ ਦੀਆਂ ਹੱਦਾਂ ਧੁੰਦਲੀਆਂ ਹੋਣ ਲੱਗਦੀਆਂ ਹਨ। ਇਹ ਮੋੜ ਦਰਸ਼ਕਾਂ ਦੀ ਉਤਸੁਕਤਾ ਨੂੰ ਨਾਟਕ ਦੇ ਅੰਤ ਤੱਕ ਕਾਇਮ ਰੱਖਦਾ ਹੈ। ਪੇਸ਼ਕਾਰੀ ਦੌਰਾਨ ਗੰਭੀਰ ਪ੍ਰਸੰਗਾਂ ਵਿਚਕਾਰ ਹਾਸੇ ਦੇ ਪਲਾਂ ਨੇ ਦਰਸ਼ਕਾਂ ਨੂੰ ਸਹਿਜ ਬਣਾਈ ਰੱਖਿਆ, ਜਦਕਿ ਰਹੱਸਮਈ ਘਟਨਾਵਾਂ ਨੇ ਉਨ੍ਹਾਂ ਨੂੰ ਲਗਾਤਾਰ ਮੰਚ ਨਾਲ ਜੋੜੀ ਰੱਖਿਆ। ਕਈ ਦ੍ਰਿਸ਼ਾਂ ਦੌਰਾਨ ਦਰਸ਼ਕਾਂ ਦੇ ਠਹਾਕੇ, ਉਤਸੁਕਤਾ ਅਤੇ ਅੰਤ ਤੱਕ ਛਾਈ ਖਾਮੋਸ਼ੀ ਨੇ ਨਾਟਕ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਡੀਸੀ ਰਾਜੇਸ਼ ਧੀਮਾਨ ਅਤੇ ਸਾਗਾ ਦੇ ਐਮਡੀ ਅਨੀਸ਼ ਗੁਪਤਾ ਤੋਂ ਇਲਾਵਾ ਸਾਗਾ ਦੇ ਚੇਅਰਮੈਨ ਸੁਰੇਸ਼ ਗੁਪਤਾ, ਮਿੱਤਲ ਗਰੁੱਪ ਦੇ ਐਮਡੀ ਰਜਿੰਦਰ ਮਿੱਤਲ ਅਤੇ ਮੌੜ ਦੇ ਐਸਡੀਐਮ ਗੁਰਜਿੰਦਰ ਸਿੰਘ ਵੱਲੋਂ ਸੰਯੁਕਤ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਡੀਸੀ ਰਾਜੇਸ਼ ਧੀਮਾਨ ਨੇ ਲਗਾਤਾਰ 15 ਸਾਲਾਂ ਤੋਂ ਹੋ ਰਹੇ ਇਸ ਸਮਾਗਮ ਲਈ ਨਾਟਿਅਮ ਦੀ ਟੀਮ ਨੂੰ ਵਧਾਈ ਦਿੱਤੀ। ਸਾਗਾ ਦੇ ਐਮਡੀ ਅਨੀਸ਼ ਗੁਪਤਾ ਨੇ ਕਿਹਾ ਕਿ ਬਠਿੰਡਾ ਵਿੱਚ ਨਾਟਕ ਸੱਭਿਆਚਾਰ ਨੂੰ ਅੱਗੇ ਵਧਾਉਣ ਵਿੱਚ ਨਾਟਿਅਮ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਵਿਧਾ ਨਾਲ ਜੁੜਨਾ ਚਾਹੀਦਾ ਹੈ ਅਤੇ ਇਸ ਦਾ ਆਨੰਦ ਮਾਣਨਾ ਚਾਹੀਦਾ ਹੈ। ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਸਮਾਗਮ ਨੂੰ ਮਿਲ ਰਹੇ ਬੇਮਿਸਾਲ ਸਹਿਯੋਗ ਅਤੇ ਪਿਆਰ ਲਈ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਟਿਅਮ ਦੇ ਸਰਪ੍ਰਸਤ ਸੁਦਰਸ਼ਨ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਾਗਾ ਦੇ ਡਾਇਰੈਕਟਰ ਸ਼ੁਭਮ ਗੋਇਲ ਵੀ ਮੌਜੂਦ ਸਨ।