ਸੜਕ ’ਤੇ ਕੰਧ ਕੱਢ ਕੇ ਕਬਜ਼ੇ ਦੀ ਕੋਸ਼ਿਸ਼, ਲੋਕਾਂ ’ਚ ਰੋਸ ਸੜਕ ’ਤੇ ਕੰਧ ਕੱਢ ਕੇ ਕਬਜ਼ੇ ਦੀ ਕੋਸ਼ਿਸ਼, ਲੋਕਾਂ ’ਚ ਰੋਸ
Publish Date: Sat, 19 Sep 2026 05:13 PM (IST)
Updated Date: Sat, 19 Sep 2026 05:14 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਤੋਂ ਗਿੱਲ ਕਲਾਂ ਵਾਲੇ ਫਾਟਕਾਂ ਨੂੰ ਜਾਂਦੀ ਸੜਕ ’ਤੇ ਕਥਿਤ ਤੌਰ ’ਤੇ ਕੰਧ ਕੱਢ ਕੇ ਕੀਤੇ ਜਾ ਰਹੇ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਜਗ੍ਹਾ ’ਤੇ ਕੰਧ ਕੱਢ ਕੇ ਰਸਤੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਜਿਸ ਥਾਂ ’ਤੇ ਕੰਧ ਕੱਢੀ ਜਾ ਰਹੀ ਹੈ, ਉਹ ਸੜਕ ਨਾਲ ਲੱਗਦੀ ਜਗ੍ਹਾ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਕਰਕੇ ਕਥਿਤ ਕਬਜ਼ੇ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਵਾਜਾਈ ਲਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸੀਵਰੇਜ ਪਾਈਪ ਵੀ ਬਣ ਸਕਦੀ ਹੈ ਵੱਡੀ ਸਮੱਸਿਆ ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ’ਤੇ ਕਥਿਤ ਤੌਰ ’ਤੇ ਕੰਧ ਕੱਢੀ ਜਾ ਰਹੀ ਹੈ, ਉਸ ਦੇ ਹੇਠਾਂ ਨਗਰ ਫੂਲ ਦੇ ਸੀਵਰੇਜ ਨਾਲ ਸਬੰਧਿਤ ਵੱਡੀ ਸੀਵਰੇਜ ਪਾਈਪ ਵੀ ਲੰਘਦੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇਕਰ ਸੀਵਰੇਜ ਪਾਈਪ ਵਿੱਚ ਕੋਈ ਖ਼ਰਾਬੀ ਆਉਂਦੀ ਹੈ ਤਾਂ ਉਸ ਦੀ ਮੁਰੰਮਤ ਲਈ ਸਬੰਧਤ ਵਿਭਾਗ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਲਾਕਾ ਵਾਸੀ ਲਾਲਾ ਸਿੰਘ,ਕਰਮ ਸਿੰਘ ਅਸ਼ੋਕ ਕੁਮਾਰ, ਨੈਬ ਸਿੰਘ, ਮਨਦੀਪ ਸਿੰਘ ,ਜੱਗਾ ਸਿੰਘ,ਅਤੇ ਹੋਰ ਲੋਕਾਂ ਨੇ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀ ਨਿਸ਼ਾਨਦੇਹੀ ਕਰਵਾ ਕੇ ਪੂਰੀ ਜਾਂਚ ਕੀਤੀ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਕੰਧ ਸਰਕਾਰੀ ਸੜਕ ਜਾਂ ਜਨਤਕ ਜਗ੍ਹਾ ਦੀ ਹੱਦ ਵਿੱਚ ਤਾਂ ਨਹੀਂ ਕੱਢੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਜਾਂਚ ਦੌਰਾਨ ਕਬਜ਼ਾ ਸਾਬਤ ਹੁੰਦਾ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਐਸਡੀਐਮ ਦੇ ਧਿਆਨ ’ਚ ਮਾਮਲਾ ਆਉਂਦੇ ਹੀ ਕਾਰਵਾਈ ਜਦੋਂ ਸਥਾਨਕ ਲੋਕਾਂ ਵੱਲੋਂ ਇਹ ਮਾਮਲਾ ਐਸਡੀਐਮ ਫੂਲ ਬਲਕਰਨ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਕੰਧ ਕੱਢਣ ਦਾ ਕੰਮ ਰੋਕਣ ਦੇ ਆਦੇਸ਼ ਦਿੱਤੇ। ਐਸਡੀਐਮ ਬਲਕਰਨ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਯਮਾਂ ਅਨੁਸਾਰ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਨਾਜਾਇਜ਼ ਕਬਜ਼ਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।