ਪੱਤਾ ਲਪੇਟ ਸੁੰਡੀ ਦੇ ਨਾਲ ਨਾਲ ਝੋਨੇ ’ਤੇ ਟਿੱਡੇ ਦਾ ਹਮਲਾ ਪੱਤਾ ਲਪੇਟ ਸੁੰਡੀ ਦੇ ਨਾਲ ਨਾਲ ਝੋਨੇ ’ਤੇ ਟਿੱਡੇ ਦਾ ਹਮਲਾ
Publish Date: Thu, 17 Sep 2026 07:28 PM (IST)
Updated Date: Fri, 18 Sep 2026 04:14 AM (IST)
ਕਿਸਾਨਾਂ ਨੇ ਕੀਟਨਾਸ਼ਕਾਂ ਦੇ ਛਿੜਕਾਅ ਵਧਾਏ, ਖੇਤੀ ਮਾਹਿਰਾਂ ਨੇ ਕਿਹਾ ਘਬਰਾਉਣ ਦੀ ਲੋੜ ਨਹੀਂ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸਾਉਣੀ ਦੀ ਮੁੱਖ ਫਸਲ ਝੋਨੇ ’ਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਨਾਲ ਜੂਝ ਰਹੇ ਕਿਸਾਨਾਂ ਲਈ ਹੁਣ ਟਿੱਡੇ ਦੀ ਮੌਜੂਦਗੀ ਨੇ ਵੀ ਚਿੰਤਾ ਵਧਾ ਦਿੱਤੀ ਹੈ। ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਝੋਨੇ ਦੇ ਖੇਤਾਂ ’ਚ ਕੀੜਿਆਂ ਦੀ ਮੌਜੂਦਗੀ ਦੇਖਦਿਆਂ ਕਿਸਾਨਾਂ ਵੱਲੋਂ ਫਸਲ ਦੀ ਸੁਰੱਖਿਆ ਲਈ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਹਾਲਾਂਕਿ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਬੇਲੋੜੇ ਛਿੜਕਾਅ ਤੋਂ ਗੁਰੇਜ਼ ਕਰਦਿਆਂ ਫਸਲ ਦੀ ਨਿਯਮਤ ਨਿਗਰਾਨੀ ਕਰਨ ਅਤੇ ਹਮਲੇ ਦੀ ਸਥਿਤੀ ਵਿੱਚ ਹੀ ਸਿਫ਼ਾਰਸ਼ਸ਼ੁਦਾ ਦਵਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਕਿਸਾਨ ਇਕਾਬਲਜੀਤ ਸਿੰਘ ਅਤੇ ਨਾਇਬ ਸਿੰਘ ਜਗਸੀਰ ਸਿੰਘ ਅਤੇ ਜਸਵਿੰਦਰ ਸਿੰਘ ਅਤੇ ਕਰਾੜਵਾਲਾ ਦੇ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੁਝ ਖੇਤਾਂ ਵਿੱਚ ਟਿੱਡੇ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਅਨੁਸਾਰ ਪੱਤਾ ਲਪੇਟ ਸੁੰਡੀ ਪੱਤੇ ਨੂੰ ਲਪੇਟ ਕੇ ਅੰਦਰੋਂ ਹਰਾ ਹਿੱਸਾ ਖਾਂਦੀ ਹੈ, ਜਿਸ ਕਾਰਨ ਪੱਤਿਆਂ ’ਤੇ ਚਿੱਟੇ ਨਿਸ਼ਾਨ ਪੈਣ ਲੱਗਦੇ ਹਨ ਅਤੇ ਉਹ ਸੁੱਕਣ ਲੱਗਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਖੇਤਾਂ ਵਿੱਚ ਕੀੜਿਆਂ ਦਾ ਹਮਲਾ ਤੇਜ਼ੀ ਨਾਲ ਨਜ਼ਰ ਆ ਰਿਹਾ ਹੈ ਅਤੇ ਇਸ ਕਾਰਨ ਉਹ ਫਸਲ ਨੂੰ ਬਚਾਉਣ ਲਈ ਤੁਰੰਤ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਮੁਤਾਬਕ ਟਿੱਡੇ ਵੀ ਝੋਨੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਕਾਰਨ ਫਸਲ ਦੀ ਸਿਹਤ ਅਤੇ ਸੰਭਾਵਿਤ ਝਾੜ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਬਾਕ ਰਾਤੋ-ਰਾਤ ਪੱਤਿਆਂ ਨੂੰ ਕਰ ਦਿੰਦੀ ਹੈ ਪ੍ਰਭਾਵਿਤ ਕਿਸਾਨਾਂ ਮਤਾਬਕ ਪੱਤਾ ਲਪੇਟ ਸੁੰਡੀ ਪੱਤਿਆਂ ਵਿੱਚ ਮੌਜੂਦ ਹਰੇ ਮਾਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਪੌਦੇ ਦੀ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਕਈ ਖੇਤਾਂ ਵਿੱਚ ਥੋੜ੍ਹੇ ਸਮੇਂ ਅੰਦਰ ਹੀ ਪੱਤਿਆਂ ’ਤੇ ਚਿੱਟੇ ਨਿਸ਼ਾਨ ਦਿਖਾਈ ਦੇਣ ਲੱਗਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੀੜੇ ਦੀ ਗਿਣਤੀ ਵਧੇ ਤਾਂ ਫਸਲ ਦੀ ਸਿਹਤ ’ਤੇ ਅਸਰ ਪੈਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਪੀਏਯੂ ਦੀ ਸਿਫਰਾਸ ਅਨੁਸਾਰ ਹੀ ਕੀਟਨਾਸ਼ਕ ਦਾ ਛਿੜਕਾ ਕੀਤਾ ਜਾਵੇ। ਪੱਤਾ ਲਪੇਟ ਸੁੰਡੀ ਅਤੇ ਟਿੱਡੇ ਦੀ ਮੌਜੂਦਗੀ ਤੋਂ ਬਾਅਦ ਪ੍ਰਾਈਵੇਟ ਕੀਟਨਾਸ਼ਕ ਕੰਪਨੀਆਂ ਦੇ ਏਜੰਟ ਵੀ ਪਿੰਡਾਂ ਵਿੱਚ ਸਰਗਰਮ ਹੋਣ ਲੱਗੇ ਹਨ। ਕਿਸਾਨਾਂ ਅਨੁਸਾਰ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਵੱਖ-ਵੱਖ ਕੀਟਨਾਸ਼ਕਾਂ ਦੀ ਵਰਤੋਂ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਹੀ ਦਵਾਈ ਦੀ ਚੋਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਬਾਕਸ ਤਾ ਲਪੇਟ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ : ਡਾ. ਬਲਜਿੰਦਰ ਸਿੰਘ ਖੇਤੀ ਵਿਕਾਸ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕਈ ਵਾਰ ਹਲਕੀ ਬਾਰਿਸ਼ ਹੋਣ ਨਾਲ ਵੀ ਸੁੰਡੀ ਦੀ ਗਿਣਤੀ ਕੁਦਰਤੀ ਤੌਰ ’ਤੇ ਘਟ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਖੇਤਾਂ ਵਿੱਚ ਕੀੜੇ ਦਾ ਹਮਲਾ ਨਜ਼ਰ ਆ ਰਿਹਾ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਏਜੰਟਾਂ ਦੇ ਕਹਿਣ ’ਤੇ ਬੇਲੋੜਾ ਛਿੜਕਾਅ ਨਾ ਕੀਤਾ ਜਾਵੇ ਅਤੇ ਫਸਲ ਦੀ ਲਗਾਤਾਰ ਨਿਗਰਾਨੀ ਕਰਕੇ ਲੋੜ ਅਨੁਸਾਰ ਹੀ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਵੇ। ਇਸ ਨਾਲ ਕਿਸਾਨਾਂ ਦਾ ਬੇਲੋੜਾ ਖਰਚਾ ਵੀ ਬਚੇਗਾ ਅਤੇ ਫਸਲ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ।