ਆਪ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ: ਚੰਨੀ ਆਪ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਚੰਨੀ
Publish Date: Mon, 02 Nov 2026 04:12 PM (IST)
Updated Date: Mon, 02 Nov 2026 04:14 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਸੂਬੇ ਅੰਦਰ ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ, ਆਪ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਹੈ ਤੇ ਲੋਕ ਡਰ ਦੇ ਸਾਏ ਹੇਠ ਆਪਣਾ ਜੀਵਨ ਬਤੀਤ ਕਰ ਰਹੇ ਹਨ, ਉਹਨਾਂ ਕਿਹਾ ਕਿ ਅਜਿਹਾ ਮਹੌਲ ਬਦਲਣ ਦੀ ਡਾਹਢੀ ਲੋੜ ਹੈ, ਜਿਸ ਲਈ ਪੰਜਾਬ ਦੇ ਲੋਕਾਂ ਨੇ ਕਮਰਕਸੇ ਕਸ ਲਏ ਹਨ। ਸਾਬਕਾ ਮੁੱਖ ਮੰਤਰੀ ਚੰਨੀ ਨੇ ਇਹ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਸਥਿਤ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ, ਜਿੱਥੇ ਉਹ ਰਾਤ ਭਰ ਰੁਕੇ। ਦੋਨਾਂ ਆਗੂਆਂ ਨੇ ਕਾਂਗਰਸ ਪਾਰਟੀ, ਸੱਤਾ ਧਿਰ ਅਤੇ ਅਕਾਲੀਆਂ ਬਾਰੇ ਵੀ ਖੁੱਲ੍ਹਕੇ ਵਿਚਾਰਾਂ ਕੀਤੀਆਂ। ਚੰਨੀ ਨੇ ਕਿਹਾ ਕਿ ਸੂਬੇ ਅੰਦਰ ਲਾਕਾਨੂੰਨੀ ਸਿਖਰਾਂ ਤੇ ਹੈ, ਫ਼ਿਰੌਤੀਆਂ ਲਈਆਂ ਜਾ ਰਹੀਆਂ ਹਨ ਤੇ ਨਸ਼ਿਆਂ ਦੇ ਫੈਲੇ ਕੋਹੜ ਕਾਰਨ ਆਏ ਦਿਨ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਹਨ। ਉਹਨਾਂ ਸਪੱਸ਼ਟ ਸ਼ਬਦਾਂ ਵਿਚ ਦੋਸ਼ ਲਾਏ ਕਿ ਇਹ ਸਭ ਕੁਝ ਸਰਕਾਰ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਹਿਤ ਵਿਚ ਜ਼ਮੀਨ ਤੇ ਕੀਤੇ ਕੰਮ ਦਿਖਾਈ ਨਹੀਂ ਦੇ ਰਹੇ, ਇਸੇ ਕਰਕੇ ਇਹ ਸਰਕਾਰ ਇਸ਼ਤਿਹਾਰ ਬਾਜ਼ੀ ਤੇ ਸੂਬੇ ਦਾ ਅਨਮੋਲ ਖ਼ਜ਼ਾਨਾ ਕਰੋੜਾਂ ਵਿਚ ਇਸ ਗੱਲ ਨੂੰ ਸਾਬਤ ਕਰਨ ਤੇ ਲੱਗੀ ਹੋਈ ਹੈ ਕਿ ਸਰਕਾਰ ਬਹੁਤ ਕੰਮ ਕਰ ਰਹੀ ਹੈ, ਜਦਕਿ ਕੀਤੇ ਕੰਮਾਂ ਨੂੰ ਕਿਸੇ ਇਸ਼ਤਿਹਾਰ ਦੀ ਕਥਿਤ ਝੂਠੀ ਗਵਾਹੀ ਦੀ ਲੋੜ ਨਹੀਂ ਹੁੰਦੀ। ਸਰਕਾਰ ਵਲੋਂ ਨੌਜਵਾਨਾਂ ਨੂੰ ਸਰਕਾਰੀ ਰੁਜ਼ਗਾਰ ਦਿੱਤੇ ਜਾਣ ਦਾ ਮਖੌਲ ਉਡਾਉਂਦਿਆਂ ਉਹਨਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ਵਿਚ ਸਰਕਾਰ ਸੱਚੀ ਹੈ ਤਾਂ ਉਹ ਵਾਈਟ ਪੇਪਰ ਜਾਰੀ ਕਰੇ। ਚੰਨੀ ਨੇ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਤੇ ਇਸ ਸਰਕਾਰ ਦਾ ਰਾਜਸੀ ਭੋਗ ਪਾਉਣ ਦੀ ਤਿਆਰੀ ਖਿੱਚੀ ਬੈਠੇ ਹਨ। ਉਹਨਾਂ ਦੋਸ਼ ਲਾਏ ਕਿ ਸੂਬੇ ਅੰਦਰ ਗ਼ੈਰ ਕਾਨੂੰਨੀ ਮਾਈਨਿੰਗ ਖੁੱਲ੍ਹੇਆਮ ਹੈ ਤੇ ਸਰਕਾਰ ਦੀ ਕਥਿਤ ਸਹਿ ਨਾਲ ਇਸ ਕਾਰੋਬਾਰ ਨਾਲ ਜੁੜੇ ਲੋਕ ਪੰਜਾਬ ਦਾ ਕਰੋੜਾਂ ਰੁਪਿਆ ਦਿੱਲੀ ਲਿਜਾ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਾਏ ਕਿ ਇਸ ਅਨਾੜੀ ਸਰਕਾਰ ਨੇ ਸੂਬੇ ਨੂੰ ਭਾਰੀ ਕਰਜ਼ੇ ਵਿਚ ਡੋਬ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ ਤੇ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਕੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਪਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਚਾਰੇ ਪਾਸੇ ਫੈਲੀ ਅਫ਼ਰਾਤਫ਼ਰੀ ਕਾਰਨ ਲੋਕਾਂ ਦਾ ਇਸ ਰਾਜ ਤੋਂ ਮੋਹ ਭੰਗ ਹੋ ਚੁੱਕਾ ਹੈ,ਜਦਕਿ ਅਕਾਲੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਕਾਂਗੜ ਨੇ ਵੀ ਦਾਅਵਾ ਕੀਤਾ ਕਿ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ ਤੇ ਸਰਕਾਰ ਬਣਨ ਤੇ ਉਹ ਹਲਕੇ ਦੇ ਵਿਕਾਸ ਕਾਰਜਾਂ ਨੂੰ ਸਿਖਰਾਂ ਤੇ ਲੈਕੇ ਜਾਣਗੇ ਤੇ ਪਹਿਲਾਂ ਨਾਲੋਂ ਵੀ ਵੱਧ ਗ੍ਰਾਂਟਾਂ ਲੈਕੇ ਆਉਣਗੇ। ਇਸ ਮੌਕੇ ਹਰਮਨਵੀਰ ਸਿੰਘ ਜੈਸੀ ਕਾਂਗੜ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਅਮਨਦੀਪ ਸਿੰਘ ਸਲਾਬਤਪੁਰਾ, ਇੰਦਰਜੀਤ ਸਿੰਘ ਭੋਡੀਪੁਰਾ, ਰਾਜਾ ਸਿੰਘ ਭਗਤਾ, ਗੁਰਪ੍ਰੀਤ ਸਿੰਘ ਘਾਰੂ, ਜਸਮੀਤ ਸਿੰਘ ਬਰਾੜ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਇੰਦਰਜੀਤ ਸਿੰਘ ਨਾਗਪਾਲ, ਤੀਰਥ ਸਿੰਘ ਦਿਆਲਪੁਰਾ, ਲਖਵੀਰ ਸਿੰਘ ਆਦਮਪੁਰਾ, ਗੁਰਦੀਪ ਸਿੰਘ ਕੋਠਾਗੁਰੂ, ਗੋਰਾ ਸਿੰਘ ਕਾਂਗੜ, ਲਖਵੀਰ ਸਿੰਘ ਲੱਖਾ, ਜਸਵਿੰਦਰ ਸਿੰਘ ਭੋਲਾ ਰਾਮੂਵਾਲਾ, ਰਛਪਾਲ ਸਿੰਘ ਰਾਏ, ਰਣਜੀਤ ਸ਼ਰਮਾ ਜਲਾਲ, ਪਰਮਿੰਦਰ ਸਿੰਘ ਜਲਾਲ, ਰਾਜਿੰਦਰ ਸਿੰਘ ਰਾਜੂ ਕੋਠੇਭਾਈਆਣਾ, ਜਗਤਾਰ ਸਿੰਘ ਜਲਾਲ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਢਿਪਾਲੀ, ਕਮਲ ਸਿੱਧੂ ਭਾਈਰੂਪਾ, ਹਰਭਜਨ ਸਿੰਘ ਭਗਤਾ, ਬਲਕਰਨ ਸਿੰਘ ਮਾਨ, ਲੱਕੀ ਜਲਾਲ, ਸੁੰਦਰ ਲਾਲ ਕਾਂਗੜ, ਰਾਜਵਿੰਦਰ ਰਾਜੂ ਗੁੰਮਟੀ, ਨਵਦੀਪ ਦੀਪਾ, ਭੂਸਨ ਜਿੰਦਲ, ਆਦਿ ਹਾਜ਼ਰ ਸਨ।