ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਜ਼ੋਨਲ ਐਥਲੈਟਿਕਸ ’ਚ ਮੱਲ੍ਹਾਂ ਮਾਰੀਆਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਜ਼ੋਨਲ ਐਥਲੈਟਿਕਸ ਵਿਚ ਮੱਲ੍ਹਾਂ ਮਾਰੀਆਂ
Publish Date: Sat, 26 Sep 2026 04:16 PM (IST)
Updated Date: Sat, 26 Sep 2026 04:18 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੌਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਜ਼ੋਨਲ ਐਥਲੈਟਿਕਸ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਨੇ ਦੌੜ, ਸ਼ਾਟ ਪੁੱਟ, ਡਿਸਕਸ ਥਰੋਅ ਅਤੇ ਲੰਬੀ ਛਾਲ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਲੜਕੀਆਂ ਦੇ ਅੰਡਰ-19 ਵਰਗ ਵਿਚ ਪਰਨੀਤ ਕੌਰ ਨੇ ਸ਼ਾਟ ਪੁੱਟ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਅੰਡਰ-17 ਵਰਗ ਦੀ ਮਹਿਕਪ੍ਰੀਤ ਕੌਰ ਨੇ ਲੰਬੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਰਗ ਵਿਚ ਕਮਲਪ੍ਰੀਤ ਕੌਰ ਨੇ ਸ਼ਾਟ ਪੁੱਟ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਇਸੇ ਵਰਗ ਦੀ ਕੈਸ਼ਮੀਨ ਕੌਰ ਨੇ 100 ਮੀਟਰ ਦੌੜ ਵਿਚ ਪਹਿਲਾ, 200 ਮੀਟਰ ਵਿਚ ਦੂਜਾ ਅਤੇ ਲੰਬੀ ਛਾਲ ਵਿਚ ਤੀਜਾ ਸਥਾਨ ਹਾਸਲ ਕੀਤਾ। ਗੈਬਨਪ੍ਰੀਤ ਕੌਰ ਨੇ 400 ਮੀਟਰ ਅਤੇ 600 ਮੀਟਰ ਦੌੜ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਅੰਡਰ-17 ਵਰਗ ਵਿਚ ਅਰਮਾਨ ਸਿੰਘ ਬਾਠ ਨੇ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਵਿਚ ਪਹਿਲਾ ਸਥਾਨ ਹਾਸਲ ਕਰਕੇ ਦੋਹਰੀ ਸਫਲਤਾ ਪ੍ਰਾਪਤ ਕੀਤੀ। ਮਨਜੋਤ ਸਿੰਘ ਨੇ 3000 ਮੀਟਰ ਅਤੇ 400 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਵਰਗ ਦੇ ਹਰਿੰਦਰ ਸਿੰਘ ਨੇ 100 ਮੀਟਰ ਅਤੇ ਲੰਬੀ ਛਾਲ ਵਿਚ ਦੂਜਾ, ਜਦਕਿ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਹਾਸਲ ਕੀਤਾ। ਨਊਦੀਪ ਸਿੰਘ ਨੇ ਅੰਡਰ-17 ਲੰਬੀ ਛਾਲ ਵਿਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਗੁਰਨੂਰ ਸਿੰਘ ਨੇ ਅੰਡਰ-14 ਵਰਗ ਦੀਆਂ 600 ਮੀਟਰ ਅਤੇ 400 ਮੀਟਰ ਦੌੜਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਹਿਜਦੀਪ ਸਿੰਘ ਨੇ ਅੰਡਰ-17 ਲੰਬੀ ਛਾਲ ਵਿਚ ਦੂਜਾ ਸਥਾਨ, ਜਦਕਿ ਲਵਦੀਪ ਸਿੰਘ ਨੇ ਡਿਸਕਸ ਥਰੋਅ ਅਤੇ ਸ਼ਾਟ ਪੁੱਟ ਵਿਚ ਦੂਜੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲਵਪ੍ਰੀਤ ਸਿੰਘ ਨੇ ਅੰਡਰ-17 ਵਰਗ ਵਿਚ 200 ਮੀਟਰ ਅਤੇ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੀ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਡੀਪੀਈ ਸ਼ਮਸ਼ੇਰ ਸਿੰਘ ਅਤੇ ਕੋਚ ਆਕਾਸ਼ਦੀਪ ਸਿੰਘ ਨੇ ਵੀ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਮੁਕਾਬਲਿਆਂ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ ਸੀ, ਜਿਸ ਦਾ ਨਤੀਜਾ ਇਨ੍ਹਾਂ ਪ੍ਰਾਪਤੀਆਂ ਦੇ ਰੂਪ ਵਿਚ ਸਾਹਮਣੇ ਆਇਆ ਹੈ। ਸਕੂਲ ਦੇ ਸਮੂਹ ਸਟਾਫ਼ ਨੇ ਵੀ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਪ੍ਰਬੰਧਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।