ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਆਸ਼ਾ ਵਰਕਰਾਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਆਸ਼ਾ ਵਰਕਰਾਂ
Publish Date: Tue, 27 Oct 2026 05:11 PM (IST)
Updated Date: Tue, 27 Oct 2026 05:13 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਤੇ ਇਸ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਆਸ਼ਾ ਵਰਕਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਤਹਿਤ ਸਿਵਲ ਹਸਪਤਾਲ ਗੋਨਿਆਣਾ ਵਿਖੇ ਆਸ਼ਾ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਆਸ਼ਾ ਵਰਕਰਾਂ ਦੀ ਪਿੰਡਾਂ ਵਿਚ ਲੋਕਾਂ ਨਾਲ ਚੰਗੀ ਜਾਣ-ਪਛਾਣ ਹੋਣ ਕਾਰਨ ਉਹ ਪਰਾਲੀ ਨਾ ਸਾੜਨ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਘਰ-ਘਰ ਪਹੁੰਚਾ ਸਕਦੀਆਂ ਹਨ। ਸਿਖਲਾਈ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਗਰਭਵਤੀ ਔਰਤਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਵਧੇਰੇ ਨੁਕਸਾਨਦੇਹ ਹੈ। ਉਨ੍ਹਾਂ ਆਸ਼ਾ ਵਰਕਰਾਂ ਨੂੰ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਉਪ ਮੰਡਲ ਮੈਜਿਸਟ੍ਰੇਟ ਮੌੜ ਗੁਰਜਿੰਦਰ ਪਾਲ ਸਿੰਘ ਨੇ ਪਿੰਡ ਘੁੰਮਣ ਕਲਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਮਨਦੀਪ ਸਿੰਘ ਮਾਵੀ ਨੇ ਪਿੰਡ ਨਹੀਆਂਵਾਲਾ ਵਿਖੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ। ਘੁੰਮਣ ਕਲਾਂ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿਚ ਹੀ ਇਸ ਦਾ ਸੁਚੱਜਾ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਦਾ ਲਾਭ ਲੈਣ ਲਈ ਸਬੰਧਤ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ। ਨਹੀਆਂਵਾਲਾ ਵਿਖੇ ਅਮਨਦੀਪ ਸਿੰਘ ਮਾਵੀ ਨੇ ਦੱਸਿਆ ਕਿ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾਉਣ ਨਾਲ ਮਿੱਟੀ ਵਿਚ ਜੈਵਿਕ ਮਾਦਾ ਵਧਦਾ ਹੈ, ਮਿੱਟੀ ਦੀ ਸਿਹਤ ਸੁਧਰਦੀ ਹੈ ਅਤੇ ਲੰਬੇ ਸਮੇਂ ਵਿਚ ਖਾਦਾਂ ਦੀ ਲੋੜ ਘਟਾਉਣ ਵਿਚ ਮਦਦ ਮਿਲ ਸਕਦੀ ਹੈ।