ਮਰਨ ਉਪਰੰਤ ਸਰੀਰ ਏਮਜ਼ ਨੂੰ ਸੌਂਪਣ ਦਾ ਐਲਾਨ, ਫਜ਼ੂਲ ਰਸਮਾਂ ’ਤੇ ਖਰਚ ਨਾ ਕਰਨ ਦਾ ਸੰਦੇਸ਼ ਮੌਤ ਤੋਂ ਬਾਅਦ ਸਰੀਰ ਏਮਜ਼ ਨੂੰ ਸੌਂਪਣ ਦਾ ਐਲਾਨ, ਫਜ਼ੂਲ ਰਸਮਾਂ ’ਤੇ ਖਰਚ ਨਾ ਕਰਨ ਦਾ ਸੰਦੇਸ਼
Publish Date: Tue, 11 Aug 2026 04:27 PM (IST)
Updated Date: Tue, 11 Aug 2026 04:29 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਨਾਰੂਲਾ ਨੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਪਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਇੱਛਾ ਅਤੇ ਵਸੀਅਤ ਅਨੁਸਾਰ ਉਸ ਦਾ ਸਰੀਰ ਡਾਕਟਰੀ ਖੋਜ ਅਤੇ ਮੈਡੀਕਲ ਸਿੱਖਿਆ ਲਈ ਏਮਜ਼ ਬਠਿੰਡਾ ਨੂੰ ਸੌਂਪਿਆ ਜਾਵੇ। ਉਸ ਨੇ ਕਿਹਾ ਕਿ ਉਸ ਨੇ ਆਪਣਾ ਸਰੀਰ ਏਮਜ਼ ਬਠਿੰਡਾ ਨੂੰ ਮੈਡੀਕਲ ਉਦੇਸ਼ਾਂ ਲਈ ਸੌਂਪਣ ਦਾ ਫੈਸਲਾ ਕੀਤਾ ਹੋਇਆ ਹੈ। ਉਸ ਨੇ ਆਪਣੀ ਅਪੀਲ ਵਿੱਚ ਕਿਹਾ ਕਿ ਮੌਤ ਤੋਂ ਬਾਅਦ ਉਸ ਦਾ ਸਰੀਰ ਏਮਜ਼ ਬਠਿੰਡਾ ਭੇਜਿਆ ਜਾਵੇ, ਕਿਉਂਕਿ ਉਸ ਨੇ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਵੀ ਏਮਜ਼ ਬਠਿੰਡਾ ਨੂੰ ਡਾਕਟਰੀ ਉਦੇਸ਼ਾਂ ਲਈ ਸੌਂਪਿਆ ਸੀ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੌਤ ਤੋਂ ਬਾਅਦ ਮਨੁੱਖੀ ਸਰੀਰ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਲਈ ਦਾਨ ਕਰਨ ਬਾਰੇ ਵਿਚਾਰ ਕਰਨ, ਕਿਉਂਕਿ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਡਾਕਟਰੀ ਖੋਜ ਲਈ ਮਨੁੱਖੀ ਸਰੀਰਾਂ ਦੀ ਲੋੜ ਹੁੰਦੀ ਹੈ। ਨਾਰੂਲਾ ਨੇ ਕਿਹਾ ਕਿ ਉਹ ਮੌਤ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਅਖੌਤੀ ਰਸਮਾਂ ਅਤੇ ਰਿਵਾਜਾਂ ’ਤੇ ਪੈਸਾ ਖਰਚ ਕਰਨ ਦੇ ਹੱਕ ਵਿੱਚ ਨਹੀਂ ਹੈ। ਉਸ ਨੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਸ ਦੀ ਯਾਦ ਵਿੱਚ ਸਿਰਫ਼ ਸਾਦੇ ਢੰਗ ਨਾਲ ਪ੍ਰਾਰਥਨਾ ਕਰਨ ਕੋਈ ਵੱਡਾ ਸ਼ਰਧਾਂਜਲੀ ਸਮਾਗਮ ਨਾ ਕੀਤਾ ਜਾਵੇ। ਉਨ੍ਹਾਂ ਆਪਣੀ ਮੌਤ ਦੇ ਬਾਅਦ ਇਹ ਸਮਾਗਮ ਸਵੇਰੇ 10 ਵਜੇ ਉਸ ਦੇ ਘਰ ਵਿਖੇ ਕਰਨ ਦੀ ਇੱਛਾ ਵੀ ਪ੍ਰਗਟਾਈ ਗਈ ਹੈ। ਅਪੀਲ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰਸਮਾਂ ਦੇ ਨਾਮ ’ਤੇ ਕੋਈ ਲੰਗਰ ਜਾਂ ਵੱਡੇ ਪੱਧਰ ’ਤੇ ਹੋਰ ਖਰਚ ਨਾ ਕੀਤਾ ਜਾਵੇ। ਇਸ ਦੀ ਥਾਂ ਸਾਦਗੀ ਨਾਲ ਸਿਰਫ਼ ਹਰਬਲ ਚਾਹ ਅਤੇ ਓਟਸ ਤੇ ਰਾਗੀ ਦੀਆਂ ਕੁਕੀਜ਼ ਮਹਿਮਾਨਾਂ ਨੂੰ ਦਿੱਤੀਆਂ ਜਾਣ। ਉਸ ਨੇ ਕਿਹਾ ਕਿ ਇਹ ਰਸਮਾਂ ਅਤੇ ਰਿਵਾਜਾਂ ’ਤੇ ਹੋਣ ਵਾਲੇ ਬੇਲੋੜੇ ਖਰਚ ਦੀ ਬਜਾਏ ਬਚੀ ਰਕਮ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ’ਤੇ ਖਰਚ ਕੀਤੀ ਜਾਵੇ। ਸਮਾਜ ਸੇਵੀ ਨਾਰੂਲਾ ਨੇ ਮੁੜ ਅਪੀਲ ਕੀਤੀ ਕਿ ਮੌਤ ਤੋਂ ਬਾਅਦ ਫਜ਼ੂਲ ਖਰਚੀ ਕਰਨ ਦੀ ਬਜਾਏ ਮਨੁੱਖੀ ਸਰੀਰ ਨੂੰ ਮੈਡੀਕਲ ਸਿੱਖਿਆ ਲਈ ਦਾਨ ਕਰਨ ਅਤੇ ਲੋੜਵੰਦਾਂ ਦੀ ਮਦਦ ਨੂੰ ਤਰਜੀਹ ਦਿੱਤੀ ਜਾਵੇ।