ਆਂਗਣਵਾੜੀ ਵਰਕਰਾਂ ਵੱਲੋਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਤੋਂ ਇਨਕਾਰ ਆਂਗਣਵਾੜੀ ਵਰਕਰਾਂ ਵੱਲੋਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਤੋਂ ਇਨਕਾਰ
Publish Date: Thu, 17 Sep 2026 07:30 PM (IST)
Updated Date: Fri, 18 Sep 2026 04:15 AM (IST)
ਕਿਹਾ- ਵਿਭਾਗੀ ਕੰਮਾਂ ਤੋਂ ਇਲਾਵਾ ਕੋਈ ਵਾਧੂ ਕੰਮ ਨਹੀਂ ਕਰਾਂਗੇ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਆਂਗਣਵਾੜੀ ਵਰਕਰਾਂ ਵੱਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਕਰਨ ਤੋਂ ਇਨਕਾਰ ਕੀਤੇ ਜਾਣ ਨਾਲ ਇਸ ਕੰਮ ’ਤੇ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜਥੇਬੰਦੀ ਨਾਲ ਸਬੰਧਤ ਆਂਗਣਵਾੜੀ ਵਰਕਰ ਅਤੇ ਹੈਲਪਰ ਆਪਣੇ ਵਿਭਾਗੀ ਕੰਮਾਂ ਤੋਂ ਇਲਾਵਾ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਮੇਤ ਕੋਈ ਵਾਧੂ ਕੰਮ ਨਹੀਂ ਕਰਨਗੀਆਂ। ਇਸ ਸਬੰਧੀ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਅਤੇ ਆਪਣਾ ਪੱਖ ਰੱਖਿਆ। ਹਰਗੋਬਿੰਦ ਕੌਰ ਨੇ ਕਿਹਾ ਕਿ ਯੂਨੀਅਨ ਵੱਲੋਂ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦਾ ਵਿਰੋਧ ਅਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ’ਤੇ ਇਸ ਕੰਮ ਲਈ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਜਥੇਬੰਦੀ ਨਾਲ ਸਬੰਧਤ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਦਬਾਅ ਹੇਠ ਆ ਕੇ ਵਾਧੂ ਕੰਮ ਨਾ ਕਰਨ। ਯੂਨੀਅਨ ਆਗੂ ਨੇ ਦੋਸ਼ ਲਗਾਇਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਕੀਤੇ ਜਾਂਦੇ ਕੰਮਾਂ ਦਾ ਮਾਣ-ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਵਿੱਚ ਲਾਭਪਾਤਰੀਆਂ ਲਈ ਰਾਸ਼ਨ ਦੀ ਸਪਲਾਈ ਵੀ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਵਰਕਰਾਂ ਨੂੰ ਵਾਧੂ ਕੰਮ ਦਿੱਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਵੱਲੋਂ ਕੀਤੇ ਇਸ ਫੈਸਲੇ ਦਾ ਸਿੱਧਾ ਅਸਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀ ਪ੍ਰਕਿਰਿਆ ’ਤੇ ਪੈ ਸਕਦਾ ਹੈ, ਖਾਸ ਕਰਕੇ ਜੇਕਰ ਵੈਰੀਫਿਕੇਸ਼ਨ ਲਈ ਆਂਗਣਵਾੜੀ ਵਰਕਰਾਂ ਦੀਆਂ ਸੇਵਾਵਾਂ ’ਤੇ ਨਿਰਭਰਤਾ ਹੋਵੇ। ਹਾਲਾਂਕਿ, ਇਸ ਕੰਮ ਲਈ ਪ੍ਰਸ਼ਾਸਨ ਵੱਲੋਂ ਵਿਕਲਪਿਕ ਪ੍ਰਬੰਧ ਕੀਤੇ ਜਾਣਗੇ ਜਾਂ ਨਹੀਂ, ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ, ਜ਼ਿਲ੍ਹਾ ਸਕੱਤਰ ਪਰਮਜੀਤ ਕੌਰ, ਬਲਾਕ ਪ੍ਰਧਾਨ ਸੰਗਤ ਲਾਭ ਕੌਰ, ਤਲਵੰਡੀ ਸਾਬੋ ਦੀ ਬਲਾਕ ਪ੍ਰਧਾਨ ਬਲਵੀਰ ਕੌਰ, ਬਠਿੰਡਾ ਸ਼ਹਿਰੀ ਦੀ ਬਲਾਕ ਪ੍ਰਧਾਨ ਲੀਲਾਵਤੀ, ਬਠਿੰਡਾ ਰੂਰਲ ਦੀ ਬਲਾਕ ਪ੍ਰਧਾਨ ਅੰਮ੍ਰਿਤ ਪਾਲ ਕੌਰ ਅਤੇ ਨਥਾਣਾ ਦੀ ਬਲਾਕ ਪ੍ਰਧਾਨ ਮਨਮੀਤ ਕੌਰ ਸਮੇਤ ਹੋਰ ਆਂਗਣਵਾੜੀ ਵਰਕਰ ਮੌਜੂਦ ਸਨ। ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਡਿਪਟੀ ਕਮਿਸ਼ਨਰ ਦਫ਼ਤਰ ਵੀ ਪਹੁੰਚੀਆਂ। ਯੂਨੀਅਨ ਆਗੂਆਂ ਲੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਪਰ ਉਨ੍ਹਾਂ ਨੂੰ ਵਿਭਾਗ ਤੋਂ ਬਾਹਰ ਵਾਧੂ ਕੰਮਾਂ ਉੱਪਰ ਲਾਇਆ ਜਾ ਰਿਹਾ ਹੈ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾ਼ਜੀ ਕੀਤੀ।