- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀਆਂ ’ਚ ਡਰ ਦਾ ਮਾਹੌਲ

ਘਰਾਂ ਤੋਂ ਲੈ ਕੇ ਦੁਕਾਨਾਂ, ਸਕੂਲਾਂ ਤੇ ਵਾਹਨਾਂ ਤੱਕ ਕੁਝ ਵੀ ਸੁਰੱਖਿਅਤ ਨਹੀਂ, ਛੱਤਾਂ ਤੋਂ ਏਸੀ ਦੀਆਂ ਕਾਪਰ ਪਾਈਪਾਂ ਵੀ ਚੋਰੀ
ਸ਼ਹਿਰ ’ਚੋਂ ਦੋ ਮੋਟਰਸਾਈਕਲ ਤੇ ਘਰ ’ਚ ਲੱਖਾਂ ਰੁਪਏ ਤੇ ਗਹਿਣੇ ਚੋਰੀ, ਪੁਲਿਸ ਚੌਕੀ ਦੇ ਸਾਹਮਣੇ ਵੀ ਚੋਰੀ ਦੀ ਵਾਰਦਾਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਚੋਰੀ ਦੀਆਂ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੋਰਾਂ ਦੇ ਹੌਸਲੇ ਇਨ੍ਹੇ ਵਧ ਗਏ ਹਨ ਕਿ ਹੁਣ ਉਹ ਦੁਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਏਅਰ ਕੰਡੀਸ਼ਨਰਾਂ ਦੇ ਆਊਟਡੋਰ ਯੂਨਿਟਾਂ ਨਾਲ ਜੁੜੀਆਂ ਕੀਮਤੀ ਕਾਪਰ ਪਾਈਪਾਂ ਵੀ ਉਤਾਰ ਕੇ ਲੈ ਜਾ ਰਹੇ ਹਨ। ਸ਼ਹਿਰ ਵਿੱਚੋਂ ਚੋਰਾਂ ਨੇ ਦੋ ਮੋਟਰਸਾਈਕਲ, ਘਰ ’ਚੋਂ ਲੱਖਾਂ ਰੁਪਏ ਨਗਦ ਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਜਦੋਂ ਕਿ ਹਸਪਤਾਲ ਵਿਚ ਦੂਜੀ ਵਾਰ ਚੋਰੀ ਕਰਨ ਆਇਆ ਚੋਰ ਪ੍ਰਬੰਧਕਾਂ ਨੇ ਕਾਬੂ ਕਰ ਲਿਆ।
ਬਾਕਸ
ਅੱਧੀ ਦਰਜਨ ਦੁਕਾਨਾਂ ਦੇ ਤਾਲੇ ਤੋੜੇ
ਫੌਜੀ ਚੌਂਕ ’ਚ ਚੋਰਾਂ ਨੇ ਇੱਕੋ ਰਾਤ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸੇ ਤਰ੍ਹਾਂ ਨਵੀਂ ਬਸਤੀ ਵਿੱਚ ਇਕ ਸੈਲੂਨ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਥੋਂ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਪਾਸ਼ ਕਲੋਨੀ ਵਿੱਚ ਦੋ ਨੌਜਵਾਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਦੇ ਗੁੱਛੇ ਪੁੱਟ ਕੇ ਲੈ ਜਾਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਇਹ ਸਵਾਲ ਉੱਠਣ ਲੱਗਾ ਹੈ ਕਿ ਜੇ ਪਾਸ਼ ਇਲਾਕੇ ਵੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਆਪਣੀ ਸੁਰੱਖਿਆ ਲਈ ਕਿਸ ’ਤੇ ਭਰੋਸਾ ਕਰਨ।
ਬਾਕਸ
ਪੁਲਿਸ ਚੌਕੀ ਦੇ ਸਾਹਮਣੇ ਹੀ ਛੱਤਾਂ ’ਤੇ ਚੋਰਾਂ ਦਾ ਹੱਥ
ਚੋਰੀਆਂ ਦੀਆਂ ਘਟਨਾਵਾਂ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਬੱਸ ਅੱਡਾ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਸਥਿਤ ਪੀਆਰਟੀਸੀ ਮਾਰਕੀਟ ਦਾ ਹੈ। ਇੱਥੇ ਚੋਰ ਮਾਰਕੀਟ ਦੀਆਂ ਛੱਤਾਂ ’ਤੇ ਚੜ੍ਹ ਕੇ ਏਸੀ ਦੀਆਂ ਕਾਪਰ ਪਾਈਪਾਂ ਉਤਾਰ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਇੱਥੋਂ 8 ਏਸੀ ਦੀਆਂ ਪਾਈਪਾਂ ਚੋਰੀ ਕੀਤੀਆਂ ਗਈਆਂ। ਇਸੇ ਤਰ੍ਹਾਂ ਸ਼ਕਤੀ ਨਗਰ ਮਾਰਕੀਟ ਵਿੱਚ ਛੱਤਾਂ ਤੋਂ 6 ਏਸੀ ਦੀਆਂ ਪਾਈਪਾਂ, ਜਦਕਿ ਇਸੇ ਇਲਾਕੇ ਵਿੱਚੋਂ ਹੋਰ 8 ਪਾਈਪਾਂ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਮੇਲਾ ਰਾਮ ਰੋਡ ਤੋਂ 2 ਅਤੇ ਕਾਲਾ ਸਿੱਧੂ ਕਲੋਨੀ ਵਿੱਚ ਦੁਕਾਨਾਂ ’ਤੇ ਲੱਗੇ ਏਸੀ ਦੇ ਆਊਟਡੋਰ ਯੂਨਿਟਾਂ ਦੀਆਂ ਕਾਪਰ ਪਾਈਪਾਂ ਵੀ ਚੋਰ ਪੁੱਟ ਕੇ ਲੈ ਗਏ। ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਚੋਰ ਰਾਤ ਦੇ ਹਨੇਰੇ ਵਿੱਚ ਛੱਤਾਂ ’ਤੇ ਪਹੁੰਚਦੇ ਹਨ ਤੇ ਕੁਝ ਹੀ ਸਮੇਂ ਵਿੱਚ ਪਾਈਪਾਂ ਕੱਟ ਕੇ ਫਰਾਰ ਹੋ ਜਾਂਦੇ ਹਨ।
ਬਾਕਸ
ਸ਼ਹਿਰ ’ਚੋਂ ਦੋ ਮੋਟਰਸਾਈਕਲ ਚੋਰੀ
ਸ਼ਹਿਰ ਵਿੱਚੋਂ ਅਣਪਛਾਤੇ ਵਿਅਤੀਆਂ ਨੇ ਦੋ ਮੋਟਰਸਾਈਕਲ ਚੋਰੀ ਕਰ ਲਏ ,ਜਦੋਂ ਕਿਇੱਕ ਘਰ ਵਿੱਚੋਂ ਲੱਖਾਂ ਰੁਪਏ ਅਤੇ ਸੋਨੇ ਦੇ ਗਹਿਣੇ ਉਡਾ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਸ਼ਿਵ ਕੁਮਾਰ ਵਾਸੀ ਗੁਰੂ ਨਾਨਕ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 03 ਏ ਬੀ ਕਿਉਂ 9707 ਨੂੰ ਮਥੂਟ ਫਾਈਨੈਂਸ 100 ਫੁੱਟੀ ਰੋਡ ਬਠਿੰਡਾ ਦੇ ਸਾਹਮਣੇ ਖੜਾ ਕੀਤਾ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਥਾਣਾ ਕੋਤਵਾਲੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਤਰ੍ਹਾਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕੁਲ ਦਰਜ ਕਰਵਾਏ ਬਿਆਨਾਂ ਵਿੱਚ ਗੁਰ ਨਿਸ਼ਾਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 03 ਏ ਏ 2654 ਨੂੰ ਜੋਗਰ ਪਾਰਕ ਨੇੜੇ ਖੜਾ ਕੀਤਾ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਥਾਣਾ ਥਰਮਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।
ਬਾਾਕਸ
ਮਕਾਨ ’ਚੋਂ 1.70 ਲੱਖ ਤੇ ਗਹਿਣੇ ਚੋਰੀ
ਅਣਪਛਾਤੇ ਚੋਰਾਂ ਨੇ ਪਿੰਡ ਗਹਿਰੀ ਦੇਵੀ ਨਗਰ ਦੇ ਇਕ ਘਰ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਇਆ ਬਿਆਨਾਂ ਵਿੱਚ ਮਨਦੀਪ ਸਿੰਘ ਵਾਸੀ ਗਹਿਰੀ ਦੇਵੀ ਨਗਰ ਨੇ ਦੱਸਿਆ ਕਿ ਇੱਕ ਅਤੇ ਦੋ ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਦੀਵਾਰ ਟੱਪ ਕੇ ਉਸ ਦੇ ਘਰ ਦਾਖਲ ਹੋਏ। ਇਸ ਦੌਰਾਨ ਮੁਲਜ਼ਮਾਂ ਨੇ ਮਕਾਨ ਵਿਚਲੇ ਕਮਰਿਆਂ ਦੇ ਤਾਲੇ ਤੋੜ ਕੇ ਘਰ ਵਿੱਚ ਪਏ 1 ਲੱਖ 70 ਹਜ਼ਾਰ ਰੁਪਏ ਨਗਦ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੀੜਤ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 7.50 ਲੱਖ ਰੁਪਏ ਬਣਦੀ ਹੈ। ਥਾਣਾ ਕੋਟ ਫੱਤਾ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੂਜੀ ਵਾਰ ਟੂਟੀਆਂ ਚੋਰੀ ਕਰਨ ਵਾਲਾ ਕਾਬੂ
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਟੂਟੀਆਂ ਚੋਰੀ ਕਰਨ ਨੂੰ ਅਤੇ ਉਸ ਦੀ ਖਰੀਦ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਹਨਾਂਨਾਂ ਵਿੱਚ ਜਗਸੀਰ ਸਿੰਘ ਵਾਸੀ ਪਿੰਡ ਬੱਪੀਆਣਾ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਕ੍ਰਿਸ਼ਨਾ ਹਸਪਤਾਲ ਵਿੱਚ ਕੁਝ ਦਿਨ ਪਹਿਲਾਂ ਟੂਟੀਆਂ ਚੋਰੀ ਹੋ ਗਈਆਂ ਸਨ, ਜਿਸ ਕਾਰਨ ਉਨ੍ਹਾਂ ਚੌਕਸੀ ਰੱਖੀ ਹੋਈ ਸੀ, ਇਸ ਦੌਰਾਨ ਹੀ ਹਰ ਭਗਵਾਨ ਸਿੰਘ ਵਾਸੀ ਧੋਬੀਆਨਾ ਬਸਤੀ ਹਸਪਤਾਲ ਵਿੱਚ ਆਇਆ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰਕੇ ਜੁਰਾਬਾਂ ਵਿੱਚ ਪਾ ਲਈਆਂ। ਇਸ ਦੌਰਾਨ ਸ਼ੱਕ ਪੈਣ ਤੇ ਉਨ੍ਹਾ ਹਰਭਗਵਾਨ ਸਿੰਘ ਨੂੰ ਮੌਕੇ ਤ’ਤੇ ਹੀ ਕਾਬੂ ਕਰਕੇ ਉਸ ਤੋਂ ਟੂਟੀਆਂ ਬਰਾਮਦ ਕਰ ਲਈਆਂ। ਪੀੜਤ ਨੇ ਦੱਸਿਆ ਕਿ ਹਰਭਗਵਾਨ ਸਿੰਘ ਟੂਟੀਆ ਚੋਰੀ ਕਰਕੇ ਅੱਗੇ ਜੰਗੀਰ ਸਿੰਘ ਵਾਸੀ ਗੋਬਿੰਦਪੁਰਾ ਨੂੰ ਵੇਚਦਾ ਰਿਹਾ ਸੀ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।