ਸਫ਼ਲਤਾ ਦੇ ਨਾਲ ਚੰਗਾ ਇਨਸਾਨ ਬਣਨਾ ਵੀ ਜ਼ਰੂਰੀ : ਰੰਜੀਵ ਗੋਇਲ ਸਫ਼ਲਤਾ ਦੇ ਨਾਲ ਚੰਗਾ ਇਨਸਾਨ ਬਣਨਾ ਵੀ ਜ਼ਰੂਰੀ : ਰੰਜੀਵ ਗੋਇਲ
Publish Date: Tue, 20 Oct 2026 04:35 PM (IST)
Updated Date: Tue, 20 Oct 2026 04:36 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰਾਮਪੁਰਾ ਫੂਲ ਵਿਖੇ ਵਿਦਿਆਰਥਣਾਂ ਦੇ ਸ਼ਖ਼ਸੀਅਤ ਵਿਕਾਸ ਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੋਟੀਵੇਸ਼ਨਲ ਸਪੀਕਰ ਤੇ ਲਾਈਫ਼ ਕੋਚ ਰੰਜੀਵ ਗੋਇਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ਵਿਚ ਸਿਰਫ਼ ਸਫ਼ਲਤਾ ਹਾਸਲ ਕਰਨਾ ਹੀ ਕਾਫ਼ੀ ਨਹੀਂ, ਸਗੋਂ ਇਕ ਚੰਗਾ ਇਨਸਾਨ ਬਣਨਾ ਵੀ ਬੇਹੱਦ ਜ਼ਰੂਰੀ ਹੈ। ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਗੇ ਅੰਕ, ਉੱਚਾ ਅਹੁਦਾ ਅਤੇ ਪੈਸਾ ਮਨੁੱਖ ਨੂੰ ਪਛਾਣ ਦਿਵਾ ਸਕਦੇ ਹਨ, ਪਰ ਉਸ ਦੀ ਅਸਲ ਪਛਾਣ ਚਰਿੱਤਰ, ਇਮਾਨਦਾਰੀ, ਨਿਮਰਤਾ ਅਤੇ ਦੂਜਿਆਂ ਪ੍ਰਤੀ ਸਤਿਕਾਰ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਸਫ਼ਲਤਾ ਤੋਂ ਈਰਖਾ ਕਰਨ ਦੀ ਬਜਾਏ ਉਨ੍ਹਾਂ ਤੋਂ ਸਿੱਖਣਾ, ਲੋੜਵੰਦਾਂ ਦੀ ਮਦਦ ਕਰਨਾ ਅਤੇ ਹਰ ਵਿਅਕਤੀ ਦਾ ਸਤਿਕਾਰ ਕਰਨਾ ਚੰਗੀ ਸ਼ਖ਼ਸੀਅਤ ਦੇ ਅਹਿਮ ਗੁਣ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਰੱਖਣ ਅਤੇ ਗ਼ਲਤ ਦਬਾਅ ਅੱਗੇ ਨਾ ਝੁਕਣ ਦਾ ਸੱਦਾ ਵੀ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਨੇ ਰੰਜੀਵ ਗੋਇਲ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਸੈਮੀਨਾਰ ਦੌਰਾਨ ਦਿੱਤੀ ਜਾਣਕਾਰੀ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕ ਵਿਕਾਸ ਗਰਗ ਅਤੇ ਅਧਿਆਪਕਾ ਰਸ਼ਮੀ ਵੀ ਹਾਜ਼ਰ ਸਨ।