ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਰੀਆਂ ਧਿਰਾਂ ਸਹਿਯੋਗ ਦੇਣ: ਬਲਦੇਵ ਸਿੰਘ ਆਕਲੀਆ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਰੀਆਂ ਧਿਰਾਂ ਸਹਿਯੋਗ ਦੇਣ: ਬਲਦੇਵ ਸਿੰਘ ਆਕਲੀਆ
Publish Date: Sat, 19 Sep 2026 04:17 PM (IST)
Updated Date: Sat, 19 Sep 2026 04:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਚਰਚਾ ਜਾਰੀ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢਣ ਦਾ ਐਲਾਨ ਕੀਤਾ ਗਿਆ ਹੈ। ਯਾਤਰਾ ਨੂੰ ਲੈ ਕੇ ਭਾਜਪਾ ਐੱਸਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਭੁੱਚੋ ਮੰਡੀ ਹਲਕੇ ਦੇ ਇੰਚਾਰਜ ਬਲਦੇਵ ਸਿੰਘ ਆਕਲੀਆ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭੁੱਚੋ ਮੰਡੀ, ਲਹਿਰਾ ਮੁਹੱਬਤ ਤੇ ਭੁੱਚੋ ਕਲਾਂ ਵਿਖੇ ਵਰਕਰਾਂ ਅਤੇ ਲੋਕਾਂ ਨਾਲ ਮੀਟਿੰਗਾਂ ਦੌਰਾਨ ਬਲਦੇਵ ਸਿੰਘ ਆਕਲੀਆ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਮੁੱਦਾ ਬਣੀ ਹੋਈ ਹੈ ਅਤੇ ਇਸ ਦੇ ਹੱਲ ਲਈ ਸਮਾਜ ਦੇ ਹਰ ਵਰਗ ਨੂੰ ਸਾਂਝੇ ਤੌਰ ’ਤੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਆਕਲੀਆ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਣਾ ਚਿੰਤਾਜਨਕ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜਿਕ ਮੁੱਦੇ ਵਜੋਂ ਲਿਆ ਜਾਵੇ ਅਤੇ ਯਾਤਰਾ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲੋਕਾਂ ਦੀ ਸ਼ਮੂਲੀਅਤ ਅਤੇ ਜਾਗਰੂਕਤਾ ਅਹਿਮ ਹੈ। ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਆਕਲੀਆ ਨੇ ਦੱਸਿਆ ਕਿ ਉਨ੍ਹਾਂ ਅਨੁਸਾਰ ‘ਨਸ਼ਾ ਮੁਕਤ ਪੰਜਾਬ ਯਾਤਰਾ’ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗੀ। ਯਾਤਰਾ ਹਲਕਾ ਤਲਵੰਡੀ ਸਾਬੋ, ਮੌੜ ਅਤੇ ਰਾਮਪੁਰਾ ਫੂਲ ਤੋਂ ਹੁੰਦੀ ਹੋਈ ਸ਼ਾਮ ਕਰੀਬ 7 ਵਜੇ ਭੁੱਚੋ ਮੰਡੀ ਵਿਖੇ ਪਹੁੰਚੇਗੀ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ। ਉਨ੍ਹਾਂ ਦੱਸਿਆ ਕਿ 22 ਸਤੰਬਰ ਨੂੰ ਸਵੇਰੇ 9:30 ਵਜੇ ਯਾਤਰਾ ਭੁੱਚੋ ਮੰਡੀ ਤੋਂ ਮੁੜ ਸ਼ੁਰੂ ਹੋਵੇਗੀ ਅਤੇ ਕਰੀਬ 10 ਵਜੇ ਪਿੰਡ ਪੂਹਲਾ ਪਹੁੰਚੇਗੀ। ਇੱਥੇ ਜਨ ਸਭਾ ਕਰਨ ਤੋਂ ਬਾਅਦ ਯਾਤਰਾ ਨਥਾਣਾ, ਜੰਡਾਂਵਾਲਾ, ਹਰਰਾਏਪੁਰ ਅਤੇ ਗੋਨਿਆਣਾ ਮੰਡੀ ਰਾਹੀਂ ਨੇਹੀਆਂਵਾਲਾ ਵਿਖੇ ਕਰੀਬ 11:30 ਵਜੇ ਪਹੁੰਚੇਗੀ। ਇੱਥੇ ਵੀ ਜਨ ਸਭਾ ਕੀਤੀ ਜਾਵੇਗੀ। ਆਕਲੀਆ ਮੁਤਾਬਕ ਇਸ ਤੋਂ ਬਾਅਦ ਯਾਤਰਾ ਬਠਿੰਡਾ ਦਿਹਾਤੀ ਹਲਕੇ ਵਿੱਚੋਂ ਹੁੰਦੀ ਹੋਈ ਬਠਿੰਡਾ ਸ਼ਹਿਰ ਪਹੁੰਚੇਗੀ, ਜਿੱਥੇ ਸਮਾਗਮ ਕਰਨ ਉਪਰੰਤ ਯਾਤਰਾ ਅੱਗੇ ਪਟਿਆਲਾ ਵੱਲ ਰਵਾਨਾ ਹੋਵੇਗੀ। ਇਸ ਮੌਕੇ ਸਰਕਲ ਪ੍ਰਧਾਨ ਵਿਸ਼ਾਲ ਮਹੇਸ਼ਵਰੀ, ਜ਼ਿਲ੍ਹਾ ਮੀਤ ਪ੍ਰਧਾਨ ਰਜੀਵ ਟੀਨੂੰ, ਸਰਕਲ ਪ੍ਰਧਾਨ ਚਰਨਜੀਤ ਸਿੰਘ, ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਸਕੱਤਰ ਗੁਰਸੇਵਕ ਸਿੰਘ, ਜਲੌਰ ਸਿੰਘ ਲਹਿਰਾ, ਸੁਰਜੀਤ ਗਰਗ, ਐੱਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਾਬਾ, ਬੂਟਾ ਸਿੰਘ ਲਹਿਰਾ ਸਮੇਤ ਪਾਰਟੀ ਦੇ ਕਈ ਵਰਕਰ ਹਾਜ਼ਰ ਸਨ।