ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮਨਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਹਲਕਾ ਇੰਚਾਰਜ ਐਲਾਨਿਆ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੇ ਲੱਖਾ ਸਿਧਾਣਾ ਨੂੰ ਮੌੜ ਤੋਂ ਹਲਕਾ ਇੰਚਾਰਜ ਐਲਾਨਿਆ
Publish Date: Wed, 09 Sep 2026 07:55 PM (IST)
Updated Date: Thu, 10 Sep 2026 04:07 AM (IST)
* ਦੋਵਾਂ ਹਲਕਾ ਇੰਚਾਰਜਾਂ ਸਮੇਤ ਪਾਰਟੀ ਲੀਡਰਸ਼ਿਪ ਤਖਤ ਸ੍ਰੀ ਦਮਦਮਾ ਸਾਹਿਬ ਹੋਈ ਨਤਮਸਤਕ ਫੋਟੋ : 30 ਕੈਪਸ਼ਨ:ਨਵ ਨਿਯੁਕਤ ਦੋਵੇਂ ਹਲਕਾ ਇੰਚਾਰਜਾਂ ਨਾਲ ਤਖਤ ਸਾਹਿਬ ਨਤਮਸਤਕ ਹੋਕੇ ਪਰਤਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵੱਲੋਂ ਮਾਲਵੇ ’ਚ ਸਿਆਸੀ ਗਤੀਵਿਧੀਆਂ ਵਧਾਉਣ ਦੇ ਮੰਤਵ ਨਾਲ ਅੱਜ ਦੋ ਹਲਕਿਆਂ ਦੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਦੋਵਾਂ ਹਲਕਾ ਇੰਚਾਰਜਾਂ ਸਮੇਤ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਗਿਆ। ਅੱਜ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੀ ਗਿਣਤੀ ਆਗੂ ਪਾਰਟੀ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਅਗਵਾਨ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਸੁਖਵਿੰਦਰ ਸਿੰਘ ਅਗਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੇ ਨਿਰਦੇਸ਼ਾਂ ਅਤੇ ਪਾਰਲੀਮਾਨੀ ਬੋਰਡ ਦੇ ਆਗੂਆਂ ਦੀ ਸਹਿਮਤੀ ਨਾਲ ਫੈਸਲਾ ਲੈਂਦਿਆਂ ਕਿਸਾਨੀ ਸੰਘਰਸ਼ ਦੌਰਾਨ ਉੱਭਰ ਕੇ ਕੌਮ ਲਈ ਖੜ੍ਹਨ ਵਾਲੇ ਸੰਦੀਪ ਸਿੰਘ ਦੀਪ ਸਿੱਧੂ ਦੇ ਭਰਾ ਐੇਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਣੀਆਂ ਤੇ ਕਿਸਾਨੀ ਮੁੱਦੇ ’ਤੇ ਲੜਾਈ ਲੜਦੇ ਆ ਰਹੇ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਹਲਕਾ ਮੌੜ ਦਾ ਇੰਚਾਰਜ ਲਗਾਇਆ ਗਿਆ ਹੈ। ਉਕਤ ਐਲਾਨ ਮਗਰੋਂ ਹੀ ਪੱਤਰਕਾਰਾਂ ਨੂੰ ਦੋਵਾਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਸਬੰਧੀ ਪਾਰਟੀ ਦੇ ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਵੀ ਸੌਂਪੀਆਂ ਗਈਆਂ।