ਤਲਵੰਡੀ ਸਾਬੋ ’ਚ ਅਕਾਲੀ ਦਲ ਨੇ ਵਧਾਈਆਂ ਸਿਆਸੀ ਸਰਗਰਮੀਆਂ ਤਲਵੰਡੀ ਸਾਬੋ ’ਚ ਅਕਾਲੀ ਦਲ ਨੇ ਵਧਾਈਆਂ ਸਿਆਸੀ ਸਰਗਰਮੀਆਂ
Publish Date: Sun, 04 Oct 2026 04:56 PM (IST)
Updated Date: Sun, 04 Oct 2026 04:58 PM (IST)
ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਮਿਰਜੇਆਣਾ ਤੇ ਗਹਿਲੇਵਾਲਾ ’ਚ ਵਰਕਰਾਂ ਨਾਲ ਮੀਟਿੰਗਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ’ਤੇ ਹੋਇਆ ਵਿਚਾਰ-ਵਟਾਂਦਰਾ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਹਲਕਾ ਤਲਵੰਡੀ ਸਾਬੋ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉਮੀਦਵਾਰ ਅਤੇ ਪਾਰਟੀ ਦੇ ਜਨਰਲ ਸਕੱਤਰ ਰਵੀਪ੍ਰੀਤ ਸਿੰਘ ਸਿੱਧੂ ਨੇ ਪਿੰਡ ਮਿਰਜੇਆਣਾ ਅਤੇ ਗਹਿਲੇਵਾਲਾ ਦਾ ਦੌਰਾ ਕਰਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਪਾਰਟੀ ਦੀ ਮਜ਼ਬੂਤੀ, ਪਿੰਡ ਪੱਧਰ ’ਤੇ ਜਥੇਬੰਦੀ ਨੂੰ ਸਰਗਰਮ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਸਿੱਧਾ ਸੰਪਰਕ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਣਨਾ ਮੁਹਿੰਮ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਸਰਕਾਰ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਲਗਭਗ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਵੱਲ ਹੈ ਅਤੇ ਹੁਣ ਲੋਕ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਦਾ ਹਿਸਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਦਾਅਵਿਆਂ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵਿਚਕਾਰਲੇ ਫ਼ਰਕ ਬਾਰੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਗਾਇਤਰੀ ਬਿਸ਼ਨੋਈ ਵਿਵਾਦ ਦਾ ਜ਼ਿਕਰ ਕਰਦਿਆਂ ਵੀ ਸਰਕਾਰ ’ਤੇ ਸਵਾਲ ਚੁੱਕੇ ਅਤੇ ਸਰਕਾਰੀ ਰਿਹਾਇਸ਼ ਦੀ ਵਰਤੋਂ ਸਬੰਧੀ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਵਰਕਰਾਂ ਨਾਲ ਮੀਟਿੰਗਾਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਅਪ੍ਰੈਲ 2026 ਵਿੱਚ ਤਲਵੰਡੀ ਸਾਬੋ ਵਿਖੇ ਹੋਈ ਅਕਾਲੀ ਦਲ ਦੀ ਰੈਲੀ ਦੌਰਾਨ ਰਵੀਪ੍ਰੀਤ ਸਿੰਘ ਸਿੱਧੂ ਨੂੰ 2027 ਦੀਆਂ ਚੋਣਾਂ ਲਈ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਇਸ ਮੌਕੇ ਜਸਵਿੰਦਰ ਸਿੰਘ ਜੈਲਦਾਰ ਜਗਰਾਮ, ਹਰਤਬਾਲ ਸਿੰਘ ਸੁੱਖੀ, ਬੂਟਾ ਸਿੰਘ ਸਰਪੰਚ ਲਾਲੇਆਣਾ, ਨਿੰਮਾ ਬਰਾੜ, ਮਨਜੀਤ ਸਿੰਘ ਭਾਗੀਵਾਂਦਰ, ਅਮਨਦੀਪ ਸਿੰਘ ਟਾਂਡੀਆਂ, ਨਿੱਕਾ ਧਾਲੀਵਾਲ, ਬਬਲੂ ਸੰਧੂ ਅਤੇ ਰਸ਼ਵਿੰਦਰ ਸਿੰਘ ਸ਼ੇਖਪੁਰਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਮੌਜੂਦ ਸਨ।