ਅਕਾਲ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੰਧ ਪੱਤ੍ਰਿਕਾ ‘ਆਗ਼ਾਜ਼’ ਦਾ 25ਵਾਂ ਅੰਕ ਜਾਰੀ ਅਕਾਲ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੰਧ ਪੱਤ੍ਰਿਕਾ ‘ਆਗ਼ਾਜ਼’ ਦਾ 25ਵਾਂ ਅੰਕ ਜਾਰੀ
Publish Date: Sun, 29 Nov 2026 05:12 PM (IST)
Updated Date: Sun, 29 Nov 2026 05:14 PM (IST)
ਵਿਦਿਆਰਥੀਆਂ ਦੀਆਂ 8 ਚੋਣਵੀਆਂ ਰਚਨਾਵਾਂ ਨੂੰ ਮਿਲੀ ਥਾਂ, ਜਸਵੰਤ ਜ਼ਫ਼ਰ ਤੇ ਸੁਖਵਿੰਦਰ ਅੰਮ੍ਰਿਤ ਦੀਆਂ ਮਹਿਮਾਨ ਰਚਨਾਵਾਂ ਵੀ ਸ਼ਾਮਲ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ: ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਧੀਨ ਕਾਰਜਸ਼ੀਲ ‘ਸਾਹਿਤ ਸਿਰਜਣਕਾਰੀ ਕਲੱਬ’ ਅਤੇ ‘ਪੰਜਾਬੀ ਸਾਹਿਤ ਸਭਾ’ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੰਧ ਪੱਤ੍ਰਿਕਾ ‘ਆਗ਼ਾਜ਼’ ਦਾ 25ਵਾਂ ਅੰਕ ਜਾਰੀ ਕੀਤਾ ਗਿਆ। 24 ਨਵੰਬਰ ਨੂੰ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਨੇ ਇਸ ਵਿਸ਼ੇਸ਼ ਅੰਕ ਦਾ ਉਦਘਾਟਨ ਕੀਤਾ। ਅਧਿਆਪਕਾਂ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਸੰਪਾਦਕ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਰਚਨਾਵਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 8 ਚੋਣਵੀਆਂ ਅਤੇ ਮਿਆਰੀ ਰਚਨਾਵਾਂ ਨੂੰ ਪੱਤ੍ਰਿਕਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਾਨ ਸ਼ਖ਼ਸੀਅਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ, ਕੁਦਰਤ, ਸਿੱਖ ਫ਼ਲਸਫ਼ਾ, ਮਾਨਸਿਕ ਤਣਾਅ ਦੇ ਵੱਖ-ਵੱਖ ਪਹਿਲੂਆਂ ਅਤੇ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਵਰਗੇ ਵਿਸ਼ਿਆਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਅੰਕ ਵਿੱਚ ਪ੍ਰਸਿੱਧ ਲੇਖਕ ਜਸਵੰਤ ਜ਼ਫ਼ਰ ਅਤੇ ਸੁਖਵਿੰਦਰ ਅੰਮ੍ਰਿਤ ਦੀਆਂ ਦੋ ਮਹਿਮਾਨ ਰਚਨਾਵਾਂ ਵੀ ਸ਼ਾਮਲ ਹਨ। ਪੱਤ੍ਰਿਕਾ ਵਿੱਚ ਕਵਿਤਾਵਾਂ ਅਤੇ ਇੱਕ ਮਿੰਨੀ ਕਹਾਣੀ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ ਹੈ। ਇਸ ਅੰਕ ਦੀ ਸੁਹਜਾਤਮਕ ਸਜਾਵਟ ਅਤੇ ਪ੍ਰਕਾਸ਼ਨ ਦੀ ਜ਼ਿੰਮੇਵਾਰੀ ਐੱਮ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਵਿਭਾਗ ਮੁਖੀ ਡਾ. ਗੁਰਜੀਤ ਸਿੰਘ ਨੇ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਸਾਹਿਤਕ ਸਿਰਜਣਾ ਦੇ ਕਈ ਮਹੱਤਵਪੂਰਨ ਨੁਕਤੇ ਵੀ ਸਾਂਝੇ ਕੀਤੇ।