ਨਰਮੇ ਦੀ ਫ਼ਸਲ ਬਚਾਉਣ ਲਈ ਖੇਤੀਬਾੜੀ ਵਿਭਾਗ ਦਾ ਵੱਡਾ ਕਦਮ: ਨਰਮਾ ਪੱਟੀ ’ਚ ਲੱਗਣਗੇ AI ਆਧਾਰਿਤ ਹਾਈ ਪਾਵਰ ਕੈਮਰੇ
ਪੰਜਾਬ ਵਿੱਚ ਨਰਮੇ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੀ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵੱਲੋਂ ਹੁਣ ਆਧੁਨਿਕ ਤਕਨਾਲੋਜੀ ਦੀ ਮਦਦ ਲਈ ਜਾ ਰਹੀ ਹੈ। ਵਿਭਾਗ ਨੇ ਨਰਮੇ ਵਾਲੇ ਖੇਤਰਾਂ ਵਿੱਚ ਹਾਈ ਪਾਵਰ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ, ਜਿਹੜੇ ਖੇਤਾਂ ਵਿੱਚ ਕੀੜਿਆਂ ਦੀ ਹਰ ਹਲਚਲ ’ਤੇ ਨਜ਼ਰ ਰੱਖਣਗੇ।
Publish Date: Tue, 02 Jun 2026 10:26 AM (IST)
Updated Date: Tue, 02 Jun 2026 10:32 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਪੰਜਾਬ ਵਿੱਚ ਨਰਮੇ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੀ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵੱਲੋਂ ਹੁਣ ਆਧੁਨਿਕ ਤਕਨਾਲੋਜੀ ਦੀ ਮਦਦ ਲਈ ਜਾ ਰਹੀ ਹੈ। ਵਿਭਾਗ ਨੇ ਨਰਮੇ ਵਾਲੇ ਖੇਤਰਾਂ ਵਿੱਚ ਹਾਈ ਪਾਵਰ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ, ਜਿਹੜੇ ਖੇਤਾਂ ਵਿੱਚ ਕੀੜਿਆਂ ਦੀ ਹਰ ਹਲਚਲ ’ਤੇ ਨਜ਼ਰ ਰੱਖਣਗੇ।
ਇਹ ਕੈਮਰੇ ਵਿਭਾਗ ਵੱਲੋਂ ਲਾਏ ਜਾਣ ਵਾਲੇ ਏਆਈ ਬੇਸ ਟਰੈਪ ਉੱਪਰ ਲਾਏ ਜਾਣਗੇ। ਜਦੋਂ ਵੀ ਚਿੱਟੀ ਮੱਖੀ ਜਾਂ ਗੁਲਾਬੀ ਸੁੰਡੀ ਦੇ ਬੱਚੇ ਟਰੈਪ ਨੇੜੇ ਆਉਣਗੇ ਤਾਂ ਕੈਮਰੇ ਉਸਦੀਆਂ ਤਸਵੀਰਾਂ ਖਿੱਚ ਲੈਣਗੇ। ਜਦੋਂ ਭਮੱਕੜਾਂ ਦੀ ਗਿਣਤੀ ਆਮ ਨਾਲੋਂ ਵਧੇਗੀ ਤਾਂ ਕੈਮਰੇ ਤਰੁੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਤਸਵੀਰਾਂ ਭੇਜ ਕੇ ਚੌਕਸ ਕਰ ਦੇਣਗੇ ਕਿ ਇਸ ਖੇਤ ਵਿਚ ਹਮਲਾ ਹੋ ਗਿਆ ਹੈ। ਇਸ ਨਾਲ ਵਿਭਾਗ ਉਨ੍ਹਾਂ ਖੇਤਾਂ ਵਿਚ ਕੀੜੇਮਾਰ ਦਵਾਈਆਂ ਜ਼ਰੀਏ ਹਮਲੇ ਨੂੰ ਕਾਬੂ ਕਰ ਲਵੇਗਾ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਕੈਮਰੇ ਖਾਸ ਤੌਰ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਦੀ ਪਛਾਣ ਕਰਨ ਲਈ ਤਿਆਰ ਕੀਤੇ ਗਏ ਹਨ। ਕੈਮਰੇ ਖੇਤਾਂ ਵਿੱਚ ਮੌਜੂਦ ਕੀੜਆਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਤਸਵੀਰਾਂ ਲਗਾਤਾਰ ਇਕੱਠੀਆਂ ਕਰਦੇ ਰਹਿਣਗੇ। ਕੈਮਰਿਆਂ ਵਿਚ ਇਹ ਸਹੂਲਤ ਹੈ ਕਿ ਉਹ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਭਮੱਕੜਾਂ ਦੀ ਪਛਾਣ ਕਰਨ ਦੇ ਸਮਰੱਥ ਹੈ।
ਭਾਵੇਂ ਕੈਮਰੇ ਸਾਰੇ ਕੀੜੇ ਮਕੌੜਿਆਂ ਦੀਆਂ ਤਸਵੀਰਾਂ ਲੈਣਗੇ ਪਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਬੱਚਿਆਂ ਦੀਆਂ ਤਸਵੀਰਾਂ ਉਹ ਅਲੱਗ ਕਰਦੇ ਰਹਿਣਗੇ। ਜਿਵੇਂ ਹੀ ਭਮੱਕੜਾਂ ਦੀ ਗਿਣਤੀ ਨਿਰਧਾਰਤ ਹੱਦ ਤੋਂ ਵੱਧੇਗੀ, ਸਿਸਟਮ ਆਪਣੇ ਆਪ ਅਲਰਟ ਜਾਰੀ ਕਰ ਦੇਵੇਗਾ ਅਤੇ ਤਸਵੀਰਾਂ ਸਬੰਧਤ ਅਧਿਕਾਰੀਆਂ ਤਕ ਭੇਜ ਦਿੱਤੀਆਂ ਜਾਣਗੀਆਂ।
ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਜੇਕਰ ਕਿਸੇ ਖੇਤ ਵਿੱਚ ਸੁੰਡੀ ਜਾਂ ਮੱਖੀ ਦੇ ਬੱਚਿਆਂ ਦੀ ਗਿਣਤੀ 50 ਤੋਂ ਵੱਧ ਹੋ ਜਾਂਦੀ ਹੈ ਤਾਂ ਏਆਈ ਸਿਸਟਮ ਤੁਰੰਤ ਚੇਤਾਵਨੀ ਜਾਰੀ ਕਰੇਗਾ। ਇਸ ਨਾਲ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਹਮਲੇ ਦੀ ਜਾਣਕਾਰੀ ਮਿਲ ਜਾਵੇਗੀ ਅਤੇ ਸਮੇਂ ਸਿਰ ਕੀਟਨਾਸ਼ਕਾਂ ਜਾਂ ਹੋਰ ਉਪਾਅ ਵਰਤ ਕੇ ਨੁਕਸਾਨ ਨੂੰ ਰੋਕਿਆ ਜਾ ਸਕੇਗਾ। ਇਹ ਕੈਮਰੇ ਕਾਟਨ ਡਿਵੈਲਪਮੈਂਟ ਸੈਂਟਰ ਨਾਗਪੁਰ ਵੱਲੋਂ ਲਗਾਏ ਜਾਣੇ ਹਨ।
ਪਿਛਲੇ ਕਈ ਸਾਲਾਂ ਤੋਂ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਖਾਸ ਕਰਕੇ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਰਗੇ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਕਈ ਵਾਰ ਹਾਲਾਤ ਅਜਿਹੇ ਬਣੇ ਕਿ ਕਿਸਾਨਾਂ ਨੂੰ ਖੜ੍ਹੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ। ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਕਾਰਨ ਨਰਮੇ ਦੀ ਪੈਦਾਵਾਰ ’ਤੇ ਸਿੱਧਾ ਅਸਰ ਪਿਆ ਹੈ ਅਤੇ ਇਸੇ ਕਰਕੇ ਪੰਜਾਬ ਵਿੱਚ ਨਰਮੇ ਹੇਠ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਇਕ ਸਮਾਂ ਸੀ ਜਦੋਂ ਮਾਲਵਾ ਪੱਟੀ ਨੂੰ ‘ਕਾਟਨ ਬੈਲਟ’ ਕਿਹਾ ਜਾਂਦਾ ਸੀ ਅਤੇ ਇਕੱਠੇ ਬਠਿੰਡਾ ਜ਼ਿਲ੍ਹੇ ਅੰਦਰ 7.42 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਖੇਤੀ ਹੁੰਦੀ ਸੀ, ਪਰ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਨਰਮੇ ਦੀ ਥਾਂ ਝੋਨੇ ਜਾਂ ਹੋਰ ਫਸਲਾਂ ਵੱਲ ਰੁਖ ਕਰ ਰਹੇ ਹਨ।
ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ ਇਹ ਤਕਨਾਲੋਜੀ
ਕਿਸਾਨਾਂ ਦਾ ਕਹਿਣਾ ਹੈ ਕਿ ਸੁੰਡੀ ਤੇ ਮੱਖੀ ਦੇ ਲਗਾਤਾਰ ਹਮਲੇ ਅਤੇ ਵੱਧਦੇ ਖਰਚਿਆਂ ਕਾਰਨ ਨਰਮੇ ਦੀ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਏਆਈ ਆਧਾਰਿਤ ਇਹ ਤਕਨਾਲੋਜੀ ਕਿਸਾਨਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਸਕਦੀ ਹੈ। ਇਸ ਨਾਲ ਨਾ ਸਿਰਫ਼ ਕੀੜਿਆਂ ਦੀ ਸਮੇਂ ਸਿਰ ਪਛਾਣ ਹੋਵੇਗੀ, ਸਗੋਂ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਵੀ ਘੱਟ ਹੋ ਸਕੇਗੀ।
ਮਾਹਿਰਾਂ ਅਨੁਸਾਰ ਕਈ ਵਾਰ ਕਿਸਾਨ ਅੰਦਾਜ਼ੇ ਦੇ ਆਧਾਰ ’ਤੇ ਸਪਰੇਅ ਕਰ ਦਿੰਦੇ ਹਨ, ਜਿਸ ਨਾਲ ਖਰਚਾ ਵਧਦਾ ਹੈ ਅਤੇ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਦੇ ਸੰਪਰਕ ਵਿਚ ਰਹਿਣ ਕਿਸਾਨ : ਡਾ. ਬਲਜਿੰਦਰ ਸਿੰਘ
ਡਾ. ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਖੇਤਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਿਫ਼ਾਰਸ਼ੀ ਬੀਜ ਅਤੇ ਵਿਗਿਆਨਕ ਤਰੀਕੇ ਨਾਲ ਖੇਤੀ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਲਈ ਹਰ ਸਾਲ ਟਰੈਪ ਲਗਾਏ ਜਾਂਦੇ ਹਨ ਪਰ ਇਸ ਵਾਰ ਏਆਈ ਬੇਸ ਕੈਮਰੇ ਟਰੈਪਾਂ ਦੇ ਉੰਪਰ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਪ੍ਰਯੋਗ ਕਾਫ਼ੀ ਸਫਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਅੱਠ ਜ਼ਿਲ੍ਹਿਆਂ ਵਿਚ ਨਰਮੇ ਦੀ ਖੇਤੀ ਹੁੰਦੀ ਹੈ ਪਰ ਬਠਿੰਡਾ, ਫਾਜ਼ਿਲਕਾ, ਮਾਨਸਾ ਵਿਚ ਸਭ ਤੋਂ ਵੱਧ ਨਰਮੇ ਦੀ ਬਿਜਾਈ ਹੁੰਦੀ ਹੈ। ਅਧਿਕਾਰੀਆਂ ਅੁਨਸਾਰ ਇਸ ਵਾਰ ਹਰ ਖੇਤ ਵਿਚ ਦੋ ਦੋ ਕੈਮਰੇ ਲਾਏ ਜਾਣ ਦੀ ਯੋਜਨਾ ਹੈ।