ਐਡਵੋਕੇਟ ਵਿਰਕ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ : ਮਿੱਤਲ ਐਡਵੋਕੇਟ ਵਿਰਕ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ: ਉਨੀਤ ਮਿੱਤਲ
Publish Date: Fri, 02 Oct 2026 05:27 PM (IST)
Updated Date: Fri, 02 Oct 2026 05:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਰਜਿਸਟਰਡ ਗ੍ਰੈਜੂਏਟ ਕਮੇਟੀ ਦੀਆਂ ਸੈਨੇਟ ਚੋਣਾਂ ਵਿੱਚ ਐਡਵੋਕੇਟ ਲਾਜਵੰਤ ਸਿੰਘ ਵਿਰਕ ਨੇ ਜਿੱਤ ਦਰਜ ਕਰਦਿਆਂ ਸੈਨੇਟ ਮੈਂਬਰ ਵਜੋਂ ਆਪਣੀ ਥਾਂ ਬਣਾਈ ਹੈ। ਉਨ੍ਹਾਂ ਨੇ 2517 ਵੋਟਾਂ ਹਾਸਲ ਕਰਕੇ 11ਵਾਂ ਸਥਾਨ ਪ੍ਰਾਪਤ ਕੀਤਾ। ਇਸ ਚੋਣ ਵਿੱਚ ਕੁੱਲ 51 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 15 ਉਮੀਦਵਾਰਾਂ ਨੂੰ ਸੈਨੇਟ ਲਈ ਚੁਣਿਆ ਗਿਆ। ਐਡਵੋਕੇਟ ਲਾਜਵੰਤ ਸਿੰਘ ਵਿਰਕ ਨੇ ਲਗਾਤਾਰ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਜਿੱਤ ਕੇ ਯੂਨੀਵਰਸਿਟੀ ਦੇ ਸੈਨੇਟ ਵਿੱਚ ਆਪਣੀ ਨੁਮਾਇੰਦਗੀ ਬਰਕਰਾਰ ਰੱਖੀ ਹੈ। ਉਨ੍ਹਾਂ ਦੀ ਜਿੱਤ ਤੇ ਸਮਰਥਕਾਂ ਅਤੇ ਜਾਣਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਐਡਵੋਕੇਟ ਲਾਜਵੰਤ ਸਿੰਘ ਵਿਰਕ ਅਬੋਹਰ ਇਲਾਕੇ ਨਾਲ ਸਬੰਧਤ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਵਿਰਕ ਦੀ ਜਿੱਤ ’ਤੇ ਬਠਿੰਡਾ ਤੋਂ ਉਨ੍ਹਾਂ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਵਾਲੇ ਨੌਜਵਾਨ ਉਨੀਤ ਮਿੱਤਲ ਨੇ ਵੀ ਵਧਾਈ ਦਿੱਤੀ। ਉਨੀਤ ਮਿੱਤਲ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਦੇ ਪੰਜਾਬ ਸਟੇਟ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਨੇ ਐਡਵੋਕੇਟ ਲਾਜਵੰਤ ਸਿੰਘ ਵਿਰਕ ਨੂੰ ਸੈਨੇਟ ਚੋਣ ਵਿੱਚ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੋਣ ਵਿੱਚ ਸਹਿਯੋਗ ਦੇਣ ਵਾਲੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨੀਤ ਮਿੱਤਲ ਨੇ ਕਿਹਾ ਕਿ ਐਡਵੋਕੇਟ ਵਿਰਕ ਦੀ ਜਿੱਤ ਉਨ੍ਹਾਂ ’ਤੇ ਭਰੋਸਾ ਜਤਾਉਣ ਵਾਲੇ ਵੋਟਰਾਂ ਅਤੇ ਸਮਰਥਕਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਐਡਵੋਕੇਟ ਵਿਰਕ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਸੈਨੇਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹੋਰ ਹਿੱਸੇਦਾਰਾਂ ਨਾਲ ਸਬੰਧਤ ਮਾਮਲਿਆਂ ਲਈ ਆਪਣੀ ਭੂਮਿਕਾ ਨਿਭਾਉਣਗੇ।