ਮੌੜ ਹਲਕੇ ਤੋਂ ‘ਆਪ’ ਦੀ ਟਿਕਟ ਲਈ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਠੋਕੀ ਦਾਅਵੇਦਾਰੀ ਮੌੜ ਹਲਕੇ ਤੋਂ ‘ਆਪ’ ਦੀ ਟਿਕਟ ਲਈ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਠੋਕੀ ਦਾਅਵੇਦਾਰੀ
Publish Date: Wed, 04 Nov 2026 06:00 PM (IST)
Updated Date: Wed, 04 Nov 2026 06:02 PM (IST)
ਲੋੜਵੰਦਾਂ ਦੇ ਮੁਫ਼ਤ ਕੇਸ ਲੜਨ ਤੋਂ ਲੈ ਕੇ ਸ਼ੂਗਰਫੈੱਡ ਵਿੱਚ ਅਹਿਮ ਸੁਧਾਰਾਂ ਤੱਕ ਰਿਹਾ ਸਫ਼ਰ; ਮੌੜ ਹਲਕੇ ਦੇ ਵਿਕਾਸ ਲਈ ਪੇਸ਼ ਕੀਤਾ ਆਪਣਾ ਵਿਜ਼ਨ ਪੱਤਰ ਪ੍ਰੇਰਕ, ਬਠਿੰਡਾ/ਮੌੜ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਹਲਕਾ ਮੌੜ ਵਿੱਚ ਵੀ ਸਿਆਸੀ ਹਲਚਲ ਵਧਣ ਲੱਗੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਬਠਿੰਡਾ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਹਲਕਾ ਮੌੜ ਤੋਂ ਪਾਰਟੀ ਟਿਕਟ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਦੀ ਦਾਅਵੇਦਾਰੀ ਨਾਲ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਐਡਵੋਕੇਟ ਜੀਦਾ ਨੇ ਕਿਹਾ ਕਿ ਮੌੜ ਹਲਕੇ ਨਾਲ ਉਨ੍ਹਾਂ ਦਾ ਨਾਤਾ ਸਿਆਸਤ ਤੱਕ ਸੀਮਤ ਨਹੀਂ, ਸਗੋਂ ਪੁਰਾਣੀਆਂ ਪਰਿਵਾਰਕ ਸਾਂਝਾਂ ਅਤੇ ਰਿਸ਼ਤੇਦਾਰੀਆਂ ਨਾਲ ਜੁੜਿਆ ਹੋਇਆ ਹੈ। ਪਿੰਡ ਜੋਧਪੁਰ ਪਾਖਰ, ਪਿੱਥੋ ਅਤੇ ਭੂੰਦੜ ਸਮੇਤ ਕਈ ਪਿੰਡਾਂ ਵਿੱਚ ਉਨ੍ਹਾਂ ਦੀਆਂ ਪਰਿਵਾਰਕ ਸਾਂਝਾਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਦੀਆਂ ਅਦਾਲਤਾਂ ਵਿੱਚ ਵਕਾਲਤ ਕਰਦਿਆਂ ਉਨ੍ਹਾਂ ਨੇ ਸੈਂਕੜੇ ਲੋੜਵੰਦ ਲੋਕਾਂ ਦੇ ਕੇਸ ਬਿਨਾਂ ਕਿਸੇ ਫ਼ੀਸ ਦੇ ਲੜੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕੀਤੇ। ਸਾਲ 2000 ਵਿੱਚ ਵਕਾਲਤ ਸ਼ੁਰੂ ਕਰਨ ਵਾਲੇ ਐਡਵੋਕੇਟ ਜੀਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਮੀਤ ਪ੍ਰਧਾਨ ਅਤੇ ਸਾਲ 2014-15 ਦੌਰਾਨ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਲ 2015 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ, ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਬੁਲਾਰੇ ਵਜੋਂ ਵੀ ਜ਼ਿੰਮੇਵਾਰੀਆਂ ਨਿਭਾਈਆਂ ਹਨ। ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ 2022 ਤੋਂ 2026 ਤੱਕ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਕਿਸਾਨਾਂ ਲਈ ਗੰਨੇ ਦਾ ਭਾਅ 380 ਰੁਪਏ ਤੋਂ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਵਾਉਣ, ਗੰਨੇ ਹੇਠ ਰਕਬਾ 54,509 ਹੈਕਟੇਅਰ ਤੱਕ ਪਹੁੰਚਾਉਣ, ਬਟਾਲਾ ਵਿਖੇ 296 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸ਼ੂਗਰ ਪਲਾਂਟ, 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਅਤੇ ਬਾਇਓ-ਸੀਐਨਜੀ ਯੂਨਿਟ ਵਰਗੇ ਪ੍ਰੋਜੈਕਟ ਅਹਿਮ ਰਹੇ। ਇਸ ਤੋਂ ਇਲਾਵਾ ਫ਼ਤਿਹ ਸ਼ੂਗਰ ਬ੍ਰਾਂਡ ਦੀ ਸ਼ੁਰੂਆਤ ਅਤੇ 101 ਅਧਿਕਾਰੀਆਂ ਦੀ ਭਰਤੀ ਵੀ ਉਨ੍ਹਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਦੱਸੀਆਂ ਗਈਆਂ। ਮੌੜ ਹਲਕੇ ਦੇ ਵਿਕਾਸ ਲਈ ਆਪਣਾ ਵਿਜ਼ਨ ਪੇਸ਼ ਕਰਦਿਆਂ ਉਨ੍ਹਾਂ ਨੇ ਸਰਕਾਰੀ ਸਕੂਲਾਂ ਦਾ ਆਧੁਨਿਕੀਕਰਨ, ਨੌਜਵਾਨਾਂ ਲਈ ਯੂ.ਪੀ.ਐੱਸ.ਸੀ. ਅਤੇ ਪੀ.ਪੀ.ਐੱਸ.ਸੀ. ਦੀ ਮੁਫ਼ਤ ਕੋਚਿੰਗ, ਸਿਹਤ ਸਹੂਲਤਾਂ ਦਾ ਪਸਾਰ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਅਤੇ ਲੈਬ ਟੈਸਟਾਂ ਦੀ ਸਹੂਲਤ, ਦਾਣਾ ਮੰਡੀਆਂ ਦਾ ਸੁਧਾਰ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀਆਂ ਤਰਜੀਹਾਂ ਦੱਸਿਆ। ਉਨ੍ਹਾਂ ਹਲਕੇ ਵਿੱਚ 24 ਘੰਟੇ ਕਾਰਜਸ਼ੀਲ ਸ਼ਿਕਾਇਤ ਨਿਵਾਰਨ ਕੇਂਦਰ ਸਥਾਪਤ ਕਰਨ ਦਾ ਵੀ ਵਿਚਾਰ ਪੇਸ਼ ਕੀਤਾ। ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਇਸ ਦਾਅਵੇਦਾਰੀ ਤੋਂ ਬਾਅਦ ਹੁਣ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੇ ਅਗਲੇ ਫ਼ੈਸਲੇ ਤੇ ਟਿਕੀਆਂ ਹੋਈਆਂ ਹਨ।