ਰਾਜਨੇਤਾਵਾਂ ਦੀ ਨਾਜਾਇਜ਼ ਦਖ਼ਲਅੰਦਾਜ਼ੀ ਕਾਰਨ ਕਮਜ਼ੋਰ ਹੋਇਆ ਪ੍ਰਸ਼ਾਸਨ ਅਤੇ ਕਾਨੂੰਨ : ਸਰੂਪ ਸਿੰਘ ਸਿੱਧੂ ਰਾਜਨੇਤਾਵਾਂ ਦੀ ਨਾਜਾਇਜ਼ ਦਖ਼ਲਅੰਦਾਜ਼ੀ ਕਾਰਨ ਕਮਜ਼ੋਰ ਹੋਇਆ ਪ੍ਰਸ਼ਾਸਨ ਅਤੇ ਕਾਨੂੰਨ : ਸਰੂਪ ਸਿੰਘ ਸਿੱਧੂ
Publish Date: Wed, 18 Nov 2026 04:28 PM (IST)
Updated Date: Wed, 18 Nov 2026 04:30 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਭਾਰਤ ਵਿਚ ਰਾਜਨੇਤਾਵਾਂ ਦੀ ਨਾਜਾਇਜ਼ ਦਖ਼ਲਅੰਦਾਜ਼ੀ ਕਾਰਨ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਚੋਰ, ਲੁਟੇਰੇ, ਕਾਤਲ ਤੇ ਗੈਂਗਸਟਰ ਸਰਕਾਰ ਤੇ ਸਮਾਜ ’ਤੇ ਭਾਰੂ ਪੈਂਦੇ ਨਜ਼ਰ ਆ ਰਹੇ ਹਨ। ਅਜਿਹੇ ਹਾਲਾਤ ਵਿਚ ਦੇਸ਼ ਅੰਦਰ ਨਿਆਂ ਅਤੇ ਕਾਨੂੰਨ ਵਿਵਸਥਾ ਦੀ ਸਾਰਥਕਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੀਕੇਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਦੇਸ਼ ਵਿਚ ਅਪਰਾਧੀਆਂ ਦਾ ਖ਼ੌਫ਼ ਨਿਆਂ ਪ੍ਰਣਾਲੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਨਾਲੋਂ ਵੱਧ ਹੋਵੇ, ਉੱਥੇ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਵਾਰ-ਵਾਰ ਜ਼ਮਾਨਤ ਮਿਲਣਾ ਵੀ ਆਮ ਲੋਕਾਂ ਦੇ ਗਲੇ ਨਹੀਂ ਉਤਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਲੋਕਾਂ ਨੂੰ ਸਰਕਾਰ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਨਾਲੋਂ ਵੱਧ ਡਰ ਚੋਰਾਂ, ਲੁਟੇਰਿਆਂ ਤੇ ਹੋਰ ਅਪਰਾਧੀਆਂ ਤੋਂ ਮਹਿਸੂਸ ਹੋ ਰਿਹਾ ਹੈ। ਜੇਕਰ ਦੇਸ਼ ਦੇ ਨਾਗਰਿਕ ਹੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤਾਂ ਸਰਕਾਰ, ਪ੍ਰਸ਼ਾਸਨ ਤੇ ਨਿਆਂ ਪ੍ਰਣਾਲੀ ਦੀ ਹੋਂਦ ਦਾ ਕੀ ਮਤਲਬ ਰਹਿ ਜਾਂਦਾ ਹੈ। ਸ੍ਰ.ਸਿੱਧੂ ਨੇ ਕਿਹਾ ਕਿ ਦੇਸ਼ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ਦਾ ਇਕ ਵੱਡਾ ਕਥਿਤ ਸਬੂਤ ਇਹ ਵੀ ਹੈ ਕਿ ਆਮ ਲੋਕਾਂ ਨਾਲੋਂ ਵੱਧ ਸਰਕਾਰਾਂ ਖ਼ੁਦ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਦਿਖਾਈ ਦਿੰਦੀਆਂ ਹਨ ਤੇ ਸੁਰੱਖਿਆ ਤੋਂ ਬਿਨਾਂ ਬਾਹਰ ਨਿਕਲਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸਮਝਦੀਆਂ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਰਾਜਨੀਤਕ ਦਖ਼ਲਅੰਦਾਜ਼ੀ ਤੋਂ ਮੁਕਤ ਪ੍ਰਸ਼ਾਸਨ ਅਤੇ ਮਜ਼ਬੂਤ ਨਿਆਂ ਪ੍ਰਣਾਲੀ ਸਮੇਂ ਦੀ ਮੁੱਖ ਲੋੜ ਹੈ।