ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ ਤੇ ਬਾਣੇ ਨਾਲ ਜੋੜਨ ਲਈ ਸੇਵਕ ਜਥੇ ਵੱਲੋਂ ਸਰਗਰਮੀਆਂ ਤੇਜ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ ਤੇ ਬਾਣੇ ਨਾਲ ਜੋੜਨ ਲਈ ਸੇਵਕ ਜਥੇ ਵੱਲੋਂ ਸਰਗਰਮੀਆਂ ਤੇਜ਼
Publish Date: Mon, 17 Aug 2026 04:11 PM (IST)
Updated Date: Mon, 17 Aug 2026 04:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਅਤੇ ਬਾਣੇ ਨਾਲ ਸੰਗਤ ਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਦਮਦਮੀ ਟਕਸਾਲ ਦੇ ਸੇਵਕ ਜਥੇ ਵੱਲੋਂ ਆਪਣੀਆਂ ਧਾਰਮਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੇਵਕ ਜਥੇ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨ ਅਤੇ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਦੇ ਸੇਵਕ ਜਥੇ ਦੇ ਮਾਮਲਾ ਜੋਨ ਦੇ ਪ੍ਰਧਾਨ ਜਥੇਦਾਰ ਬਾਬਾ ਆਤਮਾ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨ ਪੀੜ੍ਹੀ ਦਾ ਆਪਣੇ ਧਰਮ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਅਮਲੀ ਤੌਰ ’ਤੇ ਸਿੱਖੀ ਜੀਵਨ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ। ਜਥੇਦਾਰ ਬਾਬਾ ਆਤਮਾ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਸੇਵਕ ਜਥੇ ਨਾਲ ਲਗਾਤਾਰ ਨੌਜਵਾਨ ਪੀੜ੍ਹੀ ਜੁੜ ਰਹੀ ਹੈ। ਸੇਵਕ ਜਥੇ ਵੱਲੋਂ ਘਰ-ਘਰ ਜਾ ਕੇ ਸੰਗਤ ਨੂੰ ਅੰਮ੍ਰਿਤਧਾਰੀ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਨਿਤਨੇਮ ਤੇ ਗੁਰਬਾਣੀ ਨਾਲ ਜੁੜਨ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੀਆਂ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਅਨੁਸਾਰ ਬਾਣੀ ਅਤੇ ਬਾਣੇ ਨਾਲ ਜੁੜ ਕੇ ਹੀ ਸਿੱਖ ਆਪਣੇ ਗੁਰੂ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰ ਸਕਦਾ ਹੈ। ਸੇਵਕ ਜਥੇ ਵੱਲੋਂ ਸੰਗਤ ਨੂੰ ਗੁਰਬਾਣੀ ਦੇ ਪਾਠ, ਸਿਮਰਨ ਅਤੇ ਗੁਰਸਿੱਖੀ ਜੀਵਨ ਜਾਚ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਾਦਾ ਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਥੇਦਾਰ ਬਾਬਾ ਆਤਮਾ ਸਿੰਘ ਨੇ ਕਿਹਾ ਕਿ ਸੇਵਕ ਜਥੇ ਦੀਆਂ ਇਹ ਧਾਰਮਿਕ ਸਰਗਰਮੀਆਂ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ। ਉਨ੍ਹਾਂ ਸੰਗਤ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨ, ਆਪਣੇ ਸਿੱਖੀ ਸਰੂਪ ਦੀ ਸੰਭਾਲ ਕਰਨ ਅਤੇ ਗੁਰੂ ਘਰ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰਨ।