ਹਾਈਕੋਰਟ ਦੇ ਹੁਕਮਾਂ 'ਤੇ ਪੁੱਚੇ ਡੀਐੱਸਐੱਲਏ ਨੇ ਜ਼ਮੀਨੀ ਹਾਲਾਤ ਦਾ ਲਿਆ ਜਾਇਜ਼ਾ ਸੀਵਰੇਜ ਤੇ ਸ਼ੁੱਧ ਪਾਣੀ ਦੇ ਮੁੱਦੇ 'ਤੇ ਹਾਈਕੋਰਟ ਦੇ ਆਦੇਸ਼ਾਂ 'ਤੇ ਪਹੁੰਚੇ ਡੀਐਸਐਲਏ ਨੇ ਜਮੀਨੀ ਹਾਲਾਤਾਂ ਦਾ ਲਿਆ ਜਾਇਜ਼ਾ
Publish Date: Fri, 30 Oct 2026 08:22 PM (IST)
Updated Date: Sat, 31 Oct 2026 04:05 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਨਗਰ ਕੌਂਸਲ ਮੌੜ ਦੀ ਹਦੂਦ ਅੰਦਰ ਵਸਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧਾਂ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਸੀਨੀਅਰ ਕਾਂਗਰਸੀ ਆਗੂ, ਪੰਜਾਬੀ ਮਹਾਂਸਭਾ ਦੇ ਪ੍ਰਧਾਨ ਅਤੇ ਉੱਘੇ ਸਮਾਜ-ਸੇਵੀ ਮਨਿੰਦਰ ਸਿੰਘ ਸੇਖੋਂ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੇ ਜਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਬਠਿੰਡਾ ਤੋਂ ਡੀਐੱਸਐੱਲਏ ਬਲਜਿੰਦਰ ਕੌਰ ਮਾਨ ਵਿਸ਼ੇਸ਼ ਤੌਰ ਤੇ ਮੌੜ ਪੁੱਜੇ। ਇਸ ਦੌਰਾਨ ਡੀ.ਐਸ.ਐਲ.ਏ. ਬਲਜਿੰਦਰ ਕੌਰ ਮਾਨ ਨੇ ਮੌੜ ਮੰਡੀ, ਮੌੜ ਖੁਰਦ ਅਤੇ ਆਸ-ਪਾਸ ਦੇ ਵੱਖ-ਵੱਖ ਪ੍ਰਭਾਵਿਤ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਮੌਜੂਦ ਸੀਵਰੇਜ ਸਿਸਟਮ ਅਤੇ ਵਾਟਰ ਸਪਲਾਈ ਦੀ ਸਮੱਸਿਆਂ ਤੋਂ ਪੀੜਿਤ ਇਲਾਕਾ ਵਾਸੀਆਂ ਨੇ ਆਪਣੇ ਦੁਖੜੇ ਸੁਣਾਉਂਦੇ ਹੋਏ ਆਪਣੇ ਬਿਆਨ ਡੀ ਐਸ ਐਲ ਏ ਕੋਲ ਦਰਜ ਕਰਵਾਏ। ਇਸ ਮੌਕੇ ਇਲਾਕਾ ਵਾਸੀਆਂ ਤੇ ਕੌਂਸਲਰ ਲਖਵੀਰ ਸਿੰਘ ਨਾਜ਼ੀ, ਜਤਿੰਦਰ ਸ਼ਰਮਾ ਲੱਕੀ, ਜਗਤਾਰ ਸਿੰਘ, ਬਸਪਾ ਆਗੂ ਗੁਰਮੇਲ ਸਿੰਘ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੱਤਪਾਲ ਲਾਟੂ, ਸੇਵਕ ਸਿੰਘ,ਗੁਰਸੇਵਕ ਸਿੰਘ, ਸੀਰਾ ਮੱਟੂ, ਜਸਪ੍ਰੀਤ ਕੌਰ, ਰਾਜੂ ਕੌਰ, ਜਸਪਾਲ ਕੌਰ, ਕਿਸਾਨ ਯੂਨੀਅਨ ਸਿੱਧੂਪੁਰ ਦੇ ਲਾਭ ਸਿੰਘ, ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਕੌਂਸਲ, ਐਸ.ਡੀ.ਐਮ. ਦਫ਼ਤਰ, ਸੀਵਰੇਜ ਬੋਰਡ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਅਤੇ ਧਰਨੇ-ਮੁਜ਼ਾਹਰੇ ਵੀ ਕੀਤੇ, ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਲੋਕ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਜਾਂਚ ਸਮਾਜ ਸੇਵੀ ਮਨਿੰਦਰ ਸਿੰਘ ਸੇਖੋਂ ਦੇ ਯਤਨਾਂ ਕਰਕੇ ਹੀ ਸੰਭਵ ਹੋਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ, ਸ਼ੁੱਧ ਪੀਣ ਵਾਲਾ ਪਾਣੀ ਅਤੇ ਵਧੀਆ ਸਿਹਤ ਸਹੂਲਤਾਂ ਦਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਉਨ੍ਹਾਂ ਨੇ ਸਾਲ 2024 ਵਿੱਚ ਮਾਣਯੋਗ ਅਦਾਲਤ ਦਾ ਰੁੱਖ ਕੀਤਾ ਸੀ। ਹਾਈਕੋਰਟ ਨੇ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਸੀ ਅਤੇ ਹੁਣ ਜਮੀਨੀ ਪੱਧਰ ਤੇ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਉਮੀਦ ਜਤਾਈ ਕਿ ਅਦਾਲਤ ਦੇ ਦਖ਼ਲ ਨਾਲ ਇਲਾਕਾ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਨਿਕਲੇਗਾ।ਮੌਕੇ ਤੇ ਜਾਇਜ਼ਾ ਲੈਣ ਸਮੇਂ ਐਸ.ਡੀ.ਐਮ. ਮੌੜ ਗੁਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ ਗਏ।