ਰੇਲਵੇ ਲਾਈਨ 'ਤੇ ਛੱਡੇ ਗਏ ਦਰਜਨ ਦੇ ਕਰੀਬ ਗਊਵੰਸ਼, ਰੇਲ ਗੱਡੀ ਹੇਠ ਆਉਣ ਨਾਲ ਦਰਦਨਾਕ ਮੌਤ ਰੇਲਵੇ ਲਾਈਨ 'ਤੇ ਛੱਡੇ ਗਏ ਦਰਜਨ ਦੇ ਕਰੀਬ ਗਊਵੰਸ਼, ਰੇਲ ਗੱਡੀ ਹੇਠ ਆਉਣ ਨਾਲ ਦਰਦਨਾਕ ਮੌਤ
Publish Date: Wed, 30 Sep 2026 04:24 PM (IST)
Updated Date: Wed, 30 Sep 2026 04:27 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮੌੜ ਮੰਡੀ ਤੋਂ ਮਾਨਸਾ ਵੱਲ ਜਾਂਦੀ ਰੇਲਵੇ ਲਾਈਨ ਤੇ ਬੀਤੀ ਰਾਤ ਇਕ ਅਤਿ ਦੁਖਦਾਈ ਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਦਰਜਨ ਦੇ ਕਰੀਬ ਗਊਵੰਸ਼ਾਂ ਨੂੰ ਰੇਲਵੇ ਲਾਈਨਾਂ ਤੇ ਛੱਡ ਦਿੱਤਾ ਗਿਆ, ਜੋ ਬਾਅਦ ਵਿਚ ਲੰਘ ਰਹੀ ਰੇਲ ਗੱਡੀ ਦੀ ਚਪੇਟ ਵਿੱਚ ਆ ਗਏ। ਇਸ ਹਾਦਸੇ ਵਿਚ ਦਰਜਨ ਦੇ ਕਰੀਬ ਗਊਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੇ ਗਊ ਸੇਵਾਦਾਰਾਂ ਮੋਨੂੰ ਮੌੜ, ਬੰਟੀ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲੀ, ਡਾ. ਵਿਪਨ ਗੋਇਲ, ਐਡਵੋਕੇਟ ਅੰਮ੍ਰਿਤਪਾਲ, ਸਚਿਨ ਕੁਮਾਰ ਅਤੇ ਹੋਰ ਗਊ ਸੇਵਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੈਸਿਆਂ ਦੇ ਲਾਲਚ ਵਿਚ ਲੋਕ ਇਨਸਾਨੀਅਤ ਭੁੱਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਗਊਆਂ ਨੂੰ ਰੇਲਵੇ ਲਾਈਨਾਂ ਤੇ ਧੱਕਿਆ ਗਿਆ, ਇਹ ਸਿੱਧੇ ਤੌਰ ਤੇ ਗੰਭੀਰ ਅਪਰਾਧ ਹੈ। ਸੇਵਾਦਾਰਾਂ ਨੇ ਮ੍ਰਿਤਕ ਗਊਵੰਸ਼ਾਂ ਨੂੰ ਟੋਆ ਪੁੱਟ ਕੇ ਦਫ਼ਨਾਉਣ ਦੀ ਮੰਗ ਕੀਤੀ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਾਜਿੰਦਰ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ ਬੱਗੀ, ਗੁਰਦੀਪ ਸਿੰਘ ਆਦਿ ਅਤੇ ਮੰਡੀ ਵਾਸੀਆਂ ਨੇ ਘਟਨਾ ਦੀ ਕੜੀ ਨਿੰਦਾ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਲਾਈਨਾਂ ਤੇ ਪਏ ਗਊਵੰਸ਼ਾਂ ਨੂੰ ਚੁੱਕਣ ਲਈ ਰੇਲਵੇ ਅਧਿਕਾਰੀਆਂ ਨੂੰ ਸਵੇਰੇ ਹੀ ਸੂਚਿਤ ਕੀਤਾ ਗਿਆ ਸੀ, ਪਰ ਦੇਰ ਸ਼ਾਮ ਤਕ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਲਾਕਾ ਨਿਵਾਸੀਆਂ ਅਨੁਸਾਰ ਇਸ ਜਗ੍ਹਾ ਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਬੰਧੀ ਰੇਲਵੇ ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਸੂਰਤਗੜ੍ਹ ਐੱਮਪੀ. ਬੋਕਸ ਟਰੇਨ ਦੀ ਲਪੇਟ ਚ ਆਉਣ ਨਾਲ ਵਾਪਰਿਆ। ਉਨ੍ਹਾਂ ਕਿਹਾ ਕਿ ਸਿਗਨਲ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਮੌਕੇ ਤੇ ਭੇਜਿਆ ਗਿਆ ਸੀ, ਪਰ ਸਾਧਨਾਂ ਦੀ ਘਾਟ ਕਾਰਨ ਸਮੇਂ ਸਿਰ ਗਊਆਂ ਦੀਆਂ ਮ੍ਰਿਤਕ ਦੇਹਾਂ ਨੂੰ ਦਫ਼ਨਾਇਆ ਨਹੀਂ ਜਾ ਸਕਿਆ। ਮੰਡੀ ਵਾਸੀਆਂ, ਕਿਸਾਨਾਂ ਅਤੇ ਗਊ ਸੇਵਾਦਾਰਾਂ ਨੇ ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਗਊਵੰਸ਼ਾਂ ਨੂੰ ਲਾਈਨਾਂ ਤੇ ਛੱਡਣ ਵਾਲੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।