2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੁੱਚੋ ’ਚ ‘ਆਪ’ ਆਗੂਆਂ ਦੀਆਂ ਸਰਗਰਮੀਆਂ ਤੇਜ਼ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੁੱਚੋ ’ਚ ‘ਆਪ’ ਆਗੂਆਂ ਦੀਆਂ ਸਰਗਰਮੀਆਂ ਤੇਜ਼
Publish Date: Fri, 28 Aug 2026 04:53 PM (IST)
Updated Date: Fri, 28 Aug 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗੋਨਿਆਣਾ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਅਜੇ ਕਾਫ਼ੀ ਸਮਾਂ ਬਾਕੀ ਹੈ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਹੁਣ ਤੋਂ ਹੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦਾ ਅਸਰ ਹਲਕਾ ਭੁੱਚੋ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਆਗੂ ਟਿਕਟ ਦੀ ਦੌੜ ਵਿਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਸਰਗਰਮ ਨਜ਼ਰ ਆ ਰਹੇ ਹਨ। ਹਲਕਾ ਭੁੱਚੋ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਵੱਲੋਂ ਟਿਕਟ ਲਈ ਆਪਣੀਆਂ ਸਰਗਰਮੀਆਂ ਵਧਾਉਣ ਦੀ ਚਰਚਾ ਹੈ। ਇਨ੍ਹਾਂ ਵਿਚੋਂ ਗੁਰਜੰਟ ਸਿੰਘ ਵੱਲੋਂ ਵੀ ਪਾਰਟੀ ਹਾਈਕਮਾਂਡ ਕੋਲ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੇ ਪਿੰਡਾਂ ਵਿਚ ਪਾਰਟੀ ਵਰਕਰਾਂ ਅਤੇ ਲੋਕਾਂ ਨਾਲ ਤਾਲਮੇਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਗੁਰਜੰਟ ਸਿੰਘ ਵੱਲੋਂ ਬੀਤੇ ਦਿਨੀਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਪੋਰਟਸ ਕਲੱਬਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਸ ਦੌਰਾਨ ਨੌਜਵਾਨਾਂ ਅਤੇ ਖੇਡ ਕਲੱਬਾਂ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਵੀ ਜਾਣਕਾਰੀ ਲਈ ਗਈ। ਇਸ ਤੋਂ ਪਹਿਲਾਂ ਵੀ ਗੁਰਜੰਟ ਸਿੰਘ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪੋਸਟਰ ਲਗਵਾ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਗਈ ਸੀ। ਲਗਾਤਾਰ ਕੀਤੀਆਂ ਜਾ ਰਹੀਆਂ ਇਨ੍ਹਾਂ ਸਰਗਰਮੀਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਦਾਅਵੇਦਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ 2027 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਹਲਕਾ ਭੁੱਚੋ ਤੋਂ ਉਮੀਦਵਾਰ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਂਡ ਆਉਣ ਵਾਲੇ ਸਮੇਂ ਵਿਚ ਕਿਸ ਚਿਹਰੇ ’ਤੇ ਭਰੋਸਾ ਜਤਾਉਂਦੀ ਹੈ ਅਤੇ ਹਲਕਾ ਭੁੱਚੋ ਦੀ ਟਿਕਟ ਕਿਸ ਦੀ ਝੋਲੀ ਪੈਂਦੀ ਹੈ। ਇਸ ਮੌਕੇ ਗੁਰਜੰਟ ਸਿੰਘ ਸਿਵੀਆ,ਰਜਨੀਸ਼ ਰਾਜੂ, ਜਸਪ੍ਰੀਤ ਸਿੰਘ ਅਕਾਲੀਆ,ਗੁਰਦਾਸ ਖਾਣ ,ਭੀਮਾ ਸਿੰਘ ਸਰਪੰਚ,ਜਸਵੀਰ ਸਿੰਘ ,ਅੰਮ੍ਰਿਤਪਾਲ ਸਿੰਘ ਕਲੱਬ ਪ੍ਰਧਾਨ,ਗੁਰਤੇਜ ਸਿੰਘ,ਸੁਖਦੇਵ ਸਿੰਘ, ਜਗਸੀਰ ਸਿੰਘ,ਲਖਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।