ਆਪ ਨੇ ਹਲਕਾ ਰਾਮਪੁਰਾ 'ਚ ਤਿੰਨ ਨਵੇਂ ਬਲਾਕ ਪ੍ਰਧਾਨ ਐਲਾਨੇ ਆਪ ਨੇ ਹਲਕਾ ਰਾਮਪੁਰਾ 'ਚ ਤਿੰਨ ਨਵੇਂ ਬਲਾਕ ਪ੍ਰਧਾਨ ਐਲਾਨੇ
Publish Date: Mon, 31 Aug 2026 04:25 PM (IST)
Updated Date: Mon, 31 Aug 2026 04:28 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਮਨੀਸ਼ ਸਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਬਲਾਕ ਪ੍ਰਧਾਨ ਦੀ ਐਲਾਨੀ ਗਈ ਸੂਚੀ ਵਿਚ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਤਿੰਨ ਬਲਾਕ ਪ੍ਰਧਾਨਾਂ ਦੀ ਸਿਆਸੀ ਛੁੱਟੀ ਕਰਕੇ ਉਨ੍ਹਾਂ ਦੀ ਥਾਂ ਤਿੰਨ ਨਵੇਂ ਬਲਾਕ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ। ਇਸ ਨਿਯੁਕਤੀ ਨਾਲ ਹਲਕਾ ਵਿਧਾਇਕ ਬਲਕਾਰ ਸਿੱਧੂ ਲਈ ਇਹ ਸਿਆਸੀ ਝਟਕਾ ਮੰਨਿਆ ਜਾਂ ਰਿਹਾ ਹੈ ਜਦ ਕਿ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਦੇ ਵਰਕਰਾਂ ਦੇ ਸਿਆਸੀ ਹੌਸਲੇ ਇਕ ਵਾਰ ਫਿਰ ਬੁਲੰਦ ਹੋਏ ਹਨ। ਜਿਕਰਯੋਗ ਹੈ ਕਿ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਵਿਚਕਾਰ ਆਪੋ ਆਪਣੇ ਗਰੁਪਾਂ ਦੀ ਮਜ਼ਬੂਤੀ ਲਈ ਇਕ ਦੂਜੇ ਨੂੰ ਸਿਆਸੀ ਠਿੱਬੀਆਂ ਲਾਉਣ ਦੇ ਯਤਨ ਜਾਰੀ ਹਨ। ਭਾਵੇਂ ਸਿਆਸਤ ਵਿਚ ਕਦੋਂ ਕੀ ਹੋ ਜਾਵੇ, ਇਹ ਕੋਈ ਪੱਕਾ ਪਤਾ ਨਹੀ ਲੱਗਦਾ ਪਰ ਚਰਚਾ ਹੈ ਕਿ ਚੇਅਰਮੈਨ ਮਾਨ ਆਪਣੇ ਗਰੁੱਪ ਦੇ ਵਰਕਰਾਂ ਨੂੰ ਬਲਾਕ ਪ੍ਰਧਾਨ ਲਗਾਉਣ ਵਿਚ ਸਫਲ ਰਹੇ ਹਨ। ਐਲਾਨੀ ਗਈ ਸੂਚੀ ਵਿਚ ਚੇਅਰਮੈਨ ਮਾਨ ਦੇ ਗਰੁੱਪ ਨਾਲ ਸਬੰਧਤ ਜਗਸੀਰ ਸਿੰਘ ਸੀਰਾ ਮੱਲੂਆਣਾ, ਗੁਰਮੀਤ ਸਿੰਘ ਜਲਾਲ ਅਤੇ ਗੁਰਚਰਨ ਸਿੰਘ ਗੁਰਨੂਰ ਨਵੇਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਜਦ ਕਿ ਇਸ ਤੋਂ ਪਹਿਲਾ ਹਲਕਾ ਵਿਧਾਇਕ ਸਿੱਧੂ ਦੇ ਗਰੁੱਪ ਨਾਲ ਸਬੰਧਤ ਹੈਪੀ ਮਹਿਰਾਜ, ਨਿਰਮਲ ਮਹਿਰਾਜ ਅਤੇ ਬੇਅੰਤ ਸਿੰਘ ਸਲਾਬਤਪੁਰਾ ਬਲਾਕ ਪ੍ਰਧਾਨ ਸਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾ ਬੇਅੰਤ ਸਿੰਘ ਸਲਾਬਤਪੁਰਾ ਨੂੰ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਬੂਟਾ ਸਿੰਘ ਜਲਾਲ ਨੂੰ ਮਾਰਕਿਟ ਕਮੇਟੀ ਭਗਤਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਲਕਾ ਵਿਧਾਇਕ ਸਿੱਧੂ ਦੇ ਅਤੀ ਕਰੀਬੀ ਸਾਥੀ ਬੇਅੰਤ ਸਿੰਘ ਸਲਾਬਤਪੁਰਾ ਨੂੰ ਕੁਝ ਹੀ ਦਿਨਾਂ ਅੰਦਰ ਨੂੰ ਦੂਜਾ ਸਿਆਸੀ ਝਟਕਾ ਲੱਗਿਆ ਹੈ। ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਅਤੇ ਬੂਟਾ ਸਿੰਘ ਜਲਾਲ ਚੇਅਰਮੈਨ ਮਾਰਕਿਟ ਕਮੇਟੀ ਭਗਤਾ ਭਾਈ ਨੇ ਨਵ ਨਿਯੁਕਤ ਬਲਾਕ ਪ੍ਰਧਾਨ ਨੂੰ ਵਧਾਈ ਦਿੰਦੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਦੌਰਾਨ ਨਵ ਨਿਯੁਕਤ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਮੱਲੂਆਣਾ, ਗੁਰਮੀਤ ਸਿੰਘ ਜਲਾਲ ਅਤੇ ਗੁਰਚਰਨ ਸਿੰਘ ਗੁਰਨੂਰ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮਨੀਸ਼ ਸਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ, ਚੇਅਰਮੈਨ ਮਾਰਕਫੈੱਡ ਇੰਦਰਜੀਤ ਸਿੰਘ ਮਾਨ, ਮਾਰਕੀਟ ਕਮੇਟੀ ਭਗਤਾ ਭਾਈ ਦੇ ਚੇਅਰਮੈਨ ਬੂਟਾ ਸਿੰਘ ਜਲਾਲ ਦਾ ਧੰਨਵਾਦ ਕਰਦੇ ਹਾਈ ਕਮਾਂਡ ਨੂੰ ਭਰੋਸਾ ਦਿੱਤਾ ਕਿ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ, ਲਗਨ ਅਤੇ ਤਨਦੇਹੀ ਨਾਲ ਨਿਭਾ ਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੇ ਨਾਲ ਨਾਲ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜਬੂਤ ਕਰਨ ਲਈ ਮਿਹਨਤ ਕੀਤੀ ਜਾਵੇਗੀ।