ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਜ਼ੋਨਲ ਪੱਧਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਜ਼ੋਨਲ ਪੱਧਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ
Publish Date: Mon, 14 Sep 2026 05:01 PM (IST)
Updated Date: Mon, 14 Sep 2026 05:02 PM (IST)
ਸੀਨੀਅਰ ਰਿਪੋਰਟਰ ਬਠਿੰਡਾ ਸੰਤ ਨਿਰੰਕਾਰੀ ਮਿਸ਼ਨ ਜ਼ੋਨ ਬਠਿੰਡਾ ਦੀਆਂ ਲਗਭਗ 25 ਸ਼ਾਖਾਵਾਂ ਨੂੰ ਸ਼ਾਮਲ ਕਰਦੇ ਹੋਏ ਸੰਤ ਨਿਰੰਕਾਰੀ ਸਤਿਸੰਗ ਭਵਨ, ਮਲੋਟ ਰੋਡ ਵਿਖੇ ਜ਼ੋਨ ਪੱਧਰੀ ਨਿਰੰਕਾਰੀ ਅੰਗਰੇਜ਼ੀ ਮਾਧਿਅਮ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿਚ ਵੱਖ-ਵੱਖ ਸ਼ਾਖਾਵਾਂ ਦੀ ਸਾਧ-ਸੰਗਤ ਨੇ ਭਾਗ ਲਿਆ। ਇਸ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਗੀਤਾਂ, ਕਵਿਤਾਵਾਂ ਅਤੇ ਨਾਟਕਾਂ ਤੋਂ ਇਲਾਵਾ ‘ਅਵਤਾਰ ਬਾਣੀ’ ਤੇ ‘ਹਰਦੇਵ ਬਾਣੀ’ ਦੇ ਸ਼ਬਦਾਂ ਰਾਹੀਂ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਸਤਿਗੁਰੂ ਵੱਲੋਂ ਦਰਸਾਏ ਆਚਰਣ, ਅਨੁਸ਼ਾਸਨ ਅਤੇ ਮਨੁੱਖੀ ਕਦਰਾਂ-ਕੀਮਤਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸ਼ਾਹਬਾਦ ਮਾਰਕੰਡਾ (ਹਰਿਆਣਾ) ਸ਼ਾਖਾ ਦੇ ਗਿਆਨ ਪ੍ਰਚਾਰਕ ਪਰਵਿੰਦਰ ਪਾਲ ਸਿੰਘ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦੇ ਵਿਸ਼ਵ ਪੱਧਰੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਲੋਕਾਂ ਨੂੰ ਆਪਸ ਵਿਚ ਜੋੜਨ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨਾਲ ਸੰਚਾਰ ਲਈ ਮਹੱਤਵਪੂਰਨ ਹੈ। ਉਨ੍ਹਾਂ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਜ਼ੋਨਲ ਇੰਚਾਰਜ ਐਸਪੀ ਦੁੱਗਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਹ ਆਪਣੇ ਆਦਰਸ਼ਕ ਗੁਣਾਂ ਰਾਹੀਂ ਸਮਾਜ ਵਿਚ ਪਿਆਰ, ਨਿਮਰਤਾ, ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਵਧਾਉਣ ਵਿੱਚ ਯੋਗਦਾਨ ਪਾਉਣਗੇ। ਅੰਤ ਵਿੱਚ ਬਠਿੰਡਾ ਸ਼ਾਖਾ ਦੇ ਸੰਯੋਜਕ ਆਦਰਸ਼ ਮੋਹਨ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।