ਦਿਨ ਦਿਹਾੜੇ ਮੈਡੀਕਲ ਸਟੋਰ ’ਚ ਵੜ ਕੇ ਨੌਜਵਾਨ ’ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਦਿਨ ਦਿਹਾੜੇ ਮੈਡੀਕਲ ਸਟੋਰ ’ਚ ਵੜ ਕੇ ਨੌਜਵਾਨ ’ਤੇ ਕੁਹਾੜੀ ਨਾਲ ਜਾਨ ਲੇਵਾ ਹਮਲਾ
Publish Date: Fri, 07 Aug 2026 05:50 PM (IST)
Updated Date: Fri, 07 Aug 2026 05:53 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਆਉਂਦੇ ਪ੍ਰਤਾਪ ਨਗਰ/ਅਰਜੁਨ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਇਸ ਵਾਰਦਾਤ ਵਿੱਚ 32 ਸਾਲਾ ਕੁਲਵੀਰ ਸਿੰਘ ਉਰਫ਼ ਬੱਗੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਮਲਾਵਰ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਭੀੜ-ਭਾੜ ਵਾਲੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਦੀ ਗਸ਼ਤ ਨੂੰ ਲੈ ਕੇ ਵੀ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਕਿਸੇ ਕੰਮ ਲਈ ਗੁਰੂ ਨਾਨਕ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਲਾਲ ਰੰਗ ਦੀ ਇੱਕ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਕਥਿਤ ਤੌਰ ’ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਕੁਲਵੀਰ ਨੇ ਭੱਜ ਕੇ ਇੱਕ ਮੈਡੀਕਲ ਸਟੋਰ ਵਿੱਚ ਪਨਾਹ ਲਈ, ਪਰ ਹਮਲਾਵਰ ਵੀ ਉਸ ਦੇ ਪਿੱਛੇ ਦੁਕਾਨ ਅੰਦਰ ਦਾਖਲ ਹੋ ਗਏ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਕੁਲਵੀਰ ਸਿੰਘ ’ਤੇ ਕੁਹਾੜੀ, ਕਿਰਪਾਨ, ਕਾਪਾ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕੀਤੇ। ਹਮਲੇ ਦੌਰਾਨ ਉਸ ਦੇ ਸਿਰ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ। ਦੁਕਾਨ ਵਿੱਚ ਮੌਜੂਦ ਲੋਕਾਂ ਅਤੇ ਦੁਕਾਨਦਾਰ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੇਖੌਫ ਹੋ ਕੇ ਹਮਲਾ ਕਰਦੇ ਰਹੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀ ਕੁਲਵੀਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ। ਬਾਅਦ ਵਿੱਚ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਜ਼ਖਮੀ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਲਾਕੇ ਦੀ ਇਕ ਦੁਕਾਨ ’ਤੇ ਬੈਠਾ ਸੀ। ਜਿਵੇਂ ਹੀ ਉਹ ਬਾਹਰ ਨਿਕਲਿਆ, ਕੁਝ ਨੌਜਵਾਨਾਂ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਹਮਲੇ ਦੇ ਅਸਲ ਕਾਰਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉੱਥੇ ਹੀ ਕੁਲਵੀਰ ਦੇ ਇਕ ਦੋਸਤ ਨੇ ਇਲਾਕੇ ਦੇ ਕੁਝ ਨੌਜਵਾਨਾਂ ’ਤੇ ਹਮਲਾ ਕਰਨ ਦਾ ਸ਼ੱਕ ਜਤਾਇਆ ਹੈ। ਪੁਲਿਸ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਥਾਣਾ ਕੈਨਾਲ ਕਾਲੋਨੀ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ, ਪਰ ਉਸ ਸਮੇਂ ਤੱਕ ਮੁਲਜ਼ਮ ਫਰਾਰ ਹੋ ਚੁੱਕੇ ਸਨ। ਜ਼ਖਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਿਨ ਦਿਹਾੜੇ ਇੱਕ ਮੈਡੀਕਲ ਸਟੋਰ ਦੇ ਅੰਦਰ ਦਾਖਲ ਹੋ ਕੇ ਕੀਤੇ ਗਏ ਇਸ ਹਮਲੇ ਕਾਰਨ ਪੁਲਿਸ ਦੀ ਸਰਗਰਮੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਲਾਕੇ ਵਿੱਚ ਨਿਯਮਿਤ ਪੁਲਿਸ ਗਸ਼ਤ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਿਗਰਾਨੀ ਹੋਰ ਪ੍ਰਭਾਵਸ਼ਾਲੀ ਹੁੰਦੀ ਤਾਂ ਹਮਲਾਵਰਾਂ ਨੂੰ ਵਾਰਦਾਤ ਤੋਂ ਬਾਅਦ ਇਨ੍ਹੀ ਆਸਾਨੀ ਨਾਲ ਫਰਾਰ ਹੋਣ ਦਾ ਮੌਕਾ ਨਾ ਮਿਲਦਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਅਤੇ ਇਲਾਕੇ ਵਿੱਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।