ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਵਿਖੇ ਦੋ ਰੋਜ਼ਾ ਏਆਈ ਸਿਖਲਾਈ ਵਰਕਸ਼ਾਪ ਕਰਵਾਈ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਵਿਖੇ ਦੋ ਰੋਜ਼ਾ ਏਆਈ ਸਿਖਲਾਈ ਵਰਕਸ਼ਾਪ ਕਰਵਾਈ
Publish Date: Tue, 29 Sep 2026 04:09 PM (IST)
Updated Date: Tue, 29 Sep 2026 04:12 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਵਿਖੇ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਬਣਾਵਟੀ ਬੁੱਧੀ ਨਾਲ ਜੋੜਨ ਦੇ ਉਦੇਸ਼ ਨਾਲ ਦੋ ਰੋਜ਼ਾ ਏਆਈ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਈ ਗਈ। ਵਰਕਸ਼ਾਪ ਦੌਰਾਨ ਟੈਟਰਾਸ ਦੇ ਡਾਟਾ ਵਿਗਿਆਨੀ ਗੁਰਪ੍ਰੀਤ ਸਿੰਘ ਨੇ ਸਰੋਤ ਵਿਅਕਤੀ ਵਜੋਂ ਅਧਿਆਪਕਾਂ ਨੂੰ ਏਆਈ ਦੀਆਂ ਬੁਨਿਆਦੀ ਧਾਰਨਾਵਾਂ ਅਤੇ ਇਸ ਦੇ ਵਿਹਾਰਕ ਉਪਯੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਏਆਈ ਦੀ ਸਮਝ ਵਿਕਸਿਤ ਕਰਨ ਦੇ ਨਾਲ-ਨਾਲ ਇਸ ਦੀ ਮਦਦ ਨਾਲ ਨਵੇਂ ਅਤੇ ਰਚਨਾਤਮਕ ਹੱਲ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਵਿਚ ਏਆਈ ਦੀਆਂ ਬੁਨਿਆਦੀ ਗੱਲਾਂ, ਮਸ਼ੀਨ ਲਰਨਿੰਗ, ਵਰਗੀਕਰਨ, ਏਆਈ ਵਿੱਚ ਪੱਖਪਾਤ, ਸਾਡੇ ਆਲੇ-ਦੁਆਲੇ ਏਆਈ ਦੀ ਵਰਤੋਂ, ਏਆਈ ਪ੍ਰੋਜੈਕਟਾਂ ਦੀ ਸਿਰਜਣਾ, ਮਸ਼ੀਨ ਲਰਨਿੰਗ ਮਾਡਲਾਂ ਰਾਹੀਂ ਸਮੱਸਿਆ ਹੱਲ ਕਰਨਾ, ਮਾਡਲ ਕਾਰਡ ਅਤੇ ਏਆਈ ਵਿੱਚ ਰੁਜ਼ਗਾਰ ਦੇ ਮੌਕਿਆਂ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਵੱਖ-ਵੱਖ ਸਰਗਰਮੀਆਂ ਰਾਹੀਂ ਸਮਝਾਇਆ ਗਿਆ। ਇਸ ਵਰਕਸ਼ਾਪ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਤੋਂ ਇਲਾਵਾ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ, ਮਾਤਾ ਗੁਜਰੀ ਪਬਲਿਕ ਸਕੂਲ ਥੇੜੀ ਸਾਹਿਬ, ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂ ਅਤੇ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲ੍ਹੋ ਬਦਿਆਲਾ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਰਕਸ਼ਾਪ ਨੇ ਅਧਿਆਪਕਾਂ ਵਿੱਚ ਏਆਈ ਪ੍ਰਤੀ ਜਾਗਰੂਕਤਾ, ਡਿਜੀਟਲ ਆਤਮ-ਵਿਸ਼ਵਾਸ, ਰਚਨਾਤਮਕ ਸੋਚ ਅਤੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਕਿਹਾ ਕਿ ਮੌਜੂਦਾ ਤਕਨੀਕੀ ਯੁੱਗ ਵਿੱਚ ਅਧਿਆਪਕਾਂ ਦਾ ਨਵੀਆਂ ਤਕਨੀਕਾਂ ਨਾਲ ਅਪਡੇਟ ਰਹਿਣਾ ਸਮੇਂ ਦੀ ਲੋੜ ਹੈ। ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।