ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਏਆਈ ਟੂਲਜ਼ ਦੀ ਵਰਤੋਂ ਸਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਏਆਈ ਟੂਲਜ਼ ਦੀ ਵਰਤੋਂ ਸਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ
Publish Date: Wed, 28 Oct 2026 04:09 PM (IST)
Updated Date: Wed, 28 Oct 2026 04:10 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਤਕਨੀਕੀ ਤਬਦੀਲੀਆਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਧ ਰਹੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਫੈਕਲਟੀ ਤੇ ਅਕਾਦਮਿਕ ਸਟਾਫ਼ ਲਈ ਇਕ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਕਰਵਾਇਆ ਗਿਆ। ‘ਹੈਂਡਲਿੰਗ ਆਫ਼ ਏਆਈ ਟੂਲਜ਼’ ਵਿਸ਼ੇ ’ਤੇ ਆਧਾਰਿਤ ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਨਵੇਂ ਤਕਨੀਕੀ ਸਾਧਨਾਂ ਦੀ ਵਿਹਾਰਕ ਜਾਣਕਾਰੀ ਦੇ ਕੇ ਅਧਿਆਪਨ, ਖੋਜ ਤੇ ਪ੍ਰਬੰਧਕੀ ਕਾਰਜਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਸੀ। ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਆਪਕ ਦਾ ਬਦਲ ਨਹੀਂ, ਸਗੋਂ ਉਸ ਦੀ ਸਮਰੱਥਾ ਨੂੰ ਵਧਾਉਣ ਵਾਲਾ ਸਹਾਇਕ ਸਾਧਨ ਹੈ। ਇਸ ਦੀ ਸਹੀ ਵਰਤੋਂ ਨਾਲ ਅਧਿਆਪਕ ਆਪਣਾ ਸਮਾਂ ਬਚਾਉਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਪੜ੍ਹਾਈ ਨੂੰ ਹੋਰ ਦਿਲਚਸਪ, ਰਚਨਾਤਮਕ ਅਤੇ ਆਸਾਨ ਬਣਾ ਸਕਦੇ ਹਨ। ਉਨ੍ਹਾਂ ਨੇ ਪ੍ਰੋਜੈਕਟਰ ਅਤੇ ਮੋਬਾਈਲ ਰਾਹੀਂ ਵੱਖ-ਵੱਖ ਏਆਈ ਸਾਧਨਾਂ ਦੀ ਵਰਤੋਂ ਦਾ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਗੂਗਲ ਜੈਮਿਨੀ ਵਰਗੇ ਏਆਈ ਮਾਡਲਾਂ ਦੀ ਮਦਦ ਨਾਲ ਪਾਠ ਯੋਜਨਾਵਾਂ, ਦੋਭਾਸ਼ੀ ਨੋਟਿਸ, ਪ੍ਰਸ਼ਨ ਬੈਂਕ ਅਤੇ ਮੁਲਾਂਕਣ ਸਮੱਗਰੀ ਤਿਆਰ ਕਰਨ ਦੇ ਤਰੀਕੇ ਸਮਝਾਏ। ਇਸ ਤੋਂ ਇਲਾਵਾ ਇੰਟਰਨੈੱਟ ਆਰਕਾਈਵ ਰਾਹੀਂ ਦੁਰਲੱਭ ਪੁਸਤਕਾਂ, ਇਤਿਹਾਸਕ ਦਸਤਾਵੇਜ਼ਾਂ ਅਤੇ ਖੋਜ ਸਮੱਗਰੀ ਤੱਕ ਪਹੁੰਚ ਕਰਨ, ਖੋਜ ਪੱਤਰਾਂ ਦਾ ਸਾਰ ਤਿਆਰ ਕਰਨ ਅਤੇ ਪਾਵਰਪੁਆਇੰਟ ਪੇਸ਼ਕਾਰੀਆਂ ਘੱਟ ਸਮੇਂ ਵਿਚ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ। ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਏਆਈ ਤੋਂ ਪ੍ਰਾਪਤ ਜਾਣਕਾਰੀ ਦੀ ਤੱਥਾਂ ਦੇ ਆਧਾਰ ’ਤੇ ਪੁਸ਼ਟੀ ਕਰਨੀ, ਸਾਹਿਤਕ ਚੋਰੀ ਤੋਂ ਬਚਣਾ ਅਤੇ ਨੈਤਿਕ ਮਾਪਦੰਡਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਤਕਨੀਕੀ ਮੁਸ਼ਕਲਾਂ ਦਾ ਹੱਲ ਵੀ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਅਧਿਆਪਕਾਂ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਹੋਣਾ ਸਮੇਂ ਦੀ ਲੋੜ ਹੈ। ਏਆਈ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ, ਪਰ ਇਸ ਦੀ ਸਹੀ ਵਰਤੋਂ ਕਰਨ ਵਾਲੇ ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ਤਿਹ ਗਰੁੱਪ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰੋਗਰਾਮ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਅਤੇ ਮੈਨੇਜਿੰਗ ਡਾਇਰੈਕਟਰ ਮਨਜੀਤ ਕੌਰ ਦੀ ਰਹਿਨੁਮਾਈ ਹੇਠ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ, ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਤੇ ਪੀਆਰਓ ਹਰਪ੍ਰੀਤ ਸ਼ਰਮਾ, ਆਈਟੀ ਸੈੱਲ ਮੁਖੀ ਪ੍ਰੋ. ਸੋਨਵਿੰਦਰ ਸਿੰਘ, ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਸੰਦੀਪ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਅੰਤ ਵਿਚ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਗੁਰਪ੍ਰੀਤ ਆਰਟਿਸਟ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।