ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਿਸੰਗ ਕਰਵਾਇਆ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਿਸੰਗ ਕਰਵਾਇਆ
Publish Date: Mon, 21 Sep 2026 04:13 PM (IST)
Updated Date: Mon, 21 Sep 2026 04:15 PM (IST)
ਸੀਨੀਅਰ ਰਿਪੋਰਟਰ ਬਠਿੰਡਾ ਮਲੋਟ ਰੋਡ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਨਿਰੰਕਾਰੀ ਮਿਸ਼ਨ ਦਿੱਲੀ ਦੇ ਕੇਂਦਰੀ ਗਿਆਨ ਪ੍ਰਚਾਰਕ ਸ੍ਰੀ ਇੰਦਰਜੀਤ ਸ਼ਰਮਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤਿਸੰਗ ਵਿੱਚ ਨਿਯਮਤ ਸ਼ਮੂਲੀਅਤ ਨਾਲ ਮਨ ਸ਼ੁੱਧ ਹੁੰਦਾ ਹੈ ਅਤੇ ਮਨੁੱਖ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਆਉਂਦਾ ਹੈ। ਸਤਿਸੰਗ ਨੂੰ ਉਨ੍ਹਾਂ ‘ਮਾਨਸਰੋਵਰ’ ਦੱਸਦਿਆਂ ਕਿਹਾ ਕਿ ਇੱਥੋਂ ਮਨੁੱਖ ਨੂੰ ਅਧਿਆਤਮਿਕ ਗੁਣਾਂ ਦੇ ਨਾਲ-ਨਾਲ ਮਨ ਦੀ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਘਰ-ਪਰਿਵਾਰ ਵਿੱਚ ਰੋਜ਼ਾਨਾ ਸਿਮਰਨ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਅੰਦਰੂਨੀ ਤਾਕਤ ਮਿਲਦੀ ਹੈ ਅਤੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਪੰਜ ਤੱਤਾਂ ਨਾਲ ਬਣੇ ਸਰੀਰ ਨੂੰ ਸੁੰਦਰ ਬਣਾਉਣ ਵੱਲ ਤਾਂ ਧਿਆਨ ਦਿੰਦਾ ਹੈ ਪਰ ਸਰੀਰ ਅੰਦਰ ਵੱਸਦੀ ਆਤਮਾ ਵੱਲ ਧਿਆਨ ਨਹੀਂ ਦਿੰਦਾ। ਆਤਮਾ ਦਾ ਪਰਮਾਤਮਾ ਨਾਲ ਮਿਲਾਪ ਪੂਰਨ ਸਤਿਗੁਰੂ ਦੀ ਸ਼ਰਨ ਅਤੇ ਬ੍ਰਹਮ ਗਿਆਨ ਰਾਹੀਂ ਹੀ ਸੰਭਵ ਹੈ। ਇਸ ਮੌਕੇ ਪ੍ਰਤਾਪ ਨਗਰ, ਗਲੀ ਨੰਬਰ 25/ਏ ਸਥਿਤ ਗੁੱਡਵਿਲ ਸਕੂਲ ਵਿਖੇ ਨਿਰੰਕਾਰੀ ਸੰਗੀਤਮਈ ਸਮਾਗਮ ਵੀ ਕਰਵਾਇਆ ਗਿਆ। ਸ੍ਰੀ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਪਰਮਾਤਮਾ ਸਰਬ-ਵਿਆਪਕ ਹੈ ਅਤੇ ਹਰ ਕਣ ਵਿੱਚ ਮੌਜੂਦ ਹੈ। ਉਨ੍ਹਾਂ ਮਨੁੱਖ ਨੂੰ ਦੂਜਿਆਂ ਦੀਆਂ ਕਮੀਆਂ ਲੱਭਣ ਦੀ ਬਜਾਏ ਆਪਣੇ ਆਪ ਨੂੰ ਸੁਧਾਰਨ ਅਤੇ ਨਿਮਰਤਾ ਨਾਲ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਸ਼ਾਖਾ ਬਠਿੰਡਾ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਸ੍ਰੀ ਇੰਦਰਜੀਤ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ।