ਮਾਮੂਲੀ ਗੱਲ ਤੋਂ ਵਧਿਆ ਝਗੜਾ ਖ਼ੂਨੀ ਟਕਰਾਅ 'ਚ ਬਦਲਿਆ; ਗੁਆਂਢੀਆਂ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਤੇਜ਼
ਮੌੜ ਮੰਡੀ ਦੇ ਨੇੜਲੇ ਪਿੰਡ ਘੁੰਮਣ ਕਲਾਂ ਵਿਖੇ ਪਿਛਲੇ ਕੁਝ ਦਿਨਾਂ ਤੋਂ ਉੱਚੀ ਅਵਾਜ਼ ਵਿੱਚ ਸੰਗੀਤ ਚਲਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਖੀਰ ਇੱਕ ਖੂਨੀ ਖੇਡ ਵਿੱਚ ਬਦਲ ਗਿਆ। ਗੁਆਂਢੀਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
Publish Date: Fri, 10 Jul 2026 11:33 AM (IST)
Updated Date: Fri, 10 Jul 2026 11:34 AM (IST)
ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ : ਮੌੜ ਮੰਡੀ ਦੇ ਨੇੜਲੇ ਪਿੰਡ ਘੁੰਮਣ ਕਲਾਂ ਵਿਖੇ ਪਿਛਲੇ ਕੁਝ ਦਿਨਾਂ ਤੋਂ ਉੱਚੀ ਅਵਾਜ਼ ਵਿੱਚ ਸੰਗੀਤ ਚਲਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਖੀਰ ਇੱਕ ਖੂਨੀ ਖੇਡ ਵਿੱਚ ਬਦਲ ਗਿਆ। ਗੁਆਂਢੀਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰਾਜਿੰਦਰ ਸਿੰਘ ਇਕੱਠੇ ਰਹਿੰਦੇ ਹਨ। ਅੱਜ ਸਵੇਰੇ ਜਦੋਂ ਗੁਰਦੀਪ ਸਿੰਘ, ਰਾਜਿੰਦਰ ਸਿੰਘ ਅਤੇ ਉਨ੍ਹਾਂ ਦੇ ਚਾਚਾ ਜਗਤਾਰ ਸਿੰਘ ਖੇਤ ਗਏ ਹੋਏ ਸਨ ਤਾਂ ਰਾਜਿੰਦਰ ਸਿੰਘ ਕੁਝ ਦੂਰੀ 'ਤੇ ਚਲਾ ਗਿਆ।
ਇਸੇ ਦੌਰਾਨ ਪੁਰਾਣੀ ਰੰਜਿਸ਼ ਦੇ ਤਹਿਤ ਰਾਜਦੀਪ ਸਿੰਘ ਪੁੱਤਰ ਕਰਨੈਲ ਸਿੰਘ, ਮੱਘਰ ਸਿੰਘ ਪੁੱਤਰ ਬਿੰਦਰ ਸਿੰਘ ਕਰਨੈਲ ਸਿੰਘ ਪੁੱਤਰ ਦਸੌਂਧ ਸਿੰਘ ਅਤੇ 2-3 ਅਣਪਛਾਤੇ ਵਿਅਕਤੀ ਉੱਥੇ ਕਸੀਆਂ, ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਲੈ ਕੇ ਆ ਗਏ। ਉਨ੍ਹਾਂ ਨੇ ਰਾਜਿੰਦਰ ਸਿੰਘ ਨੂੰ ਚਾਰੋਂ ਤਰਫ਼ੋਂ ਘੇਰ ਲਿਆ ਅਤੇ ਉਸ ਦੇ ਸਿਰ 'ਤੇ ਘਾਤਕ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਹਮਲਾ ਇਨ੍ਹਾਂ ਭਿਆਨਕ ਸੀ ਕਿ ਰਾਜਿੰਦਰ ਸਿੰਘ ਦੇ ਕੰਨਾਂ ਵਿੱਚੋਂ ਖੂਨ ਵਗਣ ਲੱਗ ਪਿਆ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਜ਼ਖਮੀ ਰਾਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ। ਮੁਲਜ਼ਮ ਰਾਜਦੀਪ ਸਿੰਘ ਅਤੇ ਮੱਘਰ ਸਿੰਘ ਉਨ੍ਹਾਂ ਦੇ ਗੁਆਂਢੀ ਹਨ, ਜੋ ਅਕਸਰ ਆਪਣੇ ਟਰੈਕਟਰ 'ਤੇ ਬਹੁਤ ਉੱਚੀ ਆਵਾਜ਼ ਵਿੱਚ ਡੈੱਕ ਚਲਾਉਂਦੇ ਸਨ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਉੱਚੀ ਆਵਾਜ਼ ਦਾ ਇਤਰਾਜ ਕੀਤਾ ਗਿਆ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਸੀ। ਇਸੇ ਰੰਜਿਸ਼ ਦੇ ਤਹਿਤ ਮੁਲਜ਼ਮਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦੇ ਸਬੰਧ ਵਿੱਚ ਥਾਣਾ ਮੌੜ ਦੇ ਇੰਚਾਰਜ ਤਰੁਨਦੀਪ ਸਿੰਘ ਨੇ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਜਲਦ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ।