ਸ੍ਰੀ ਸ਼ਿਵ ਮਹਾਪੁਰਾਣ ਕਥਾ' ਦੇ ਅਰੰਭ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ, 13 ਤੋਂ 20 ਅਗਸਤ ਤੱਕ ਚੱਲੇਗੀ 'ਸ਼੍ਰੀ ਸ਼ਿਵ ਮਹਾਪੁਰਾਣ ਕਥਾ ਸ੍ਰੀ ਸ਼ਿਵ ਮਹਾਪੁਰਾਣ ਕਥਾ' ਦੇ ਅਰੰਭ ਵਿਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Publish Date: Fri, 14 Aug 2026 03:56 PM (IST)
Updated Date: Fri, 14 Aug 2026 03:59 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸਾਵਣ ਮਹੀਨੇ ਦੇ ਪਵਿੱਤਰ ਦਿਹਾੜੇ ਅਤੇ ਨਵਰਾਤਰਿਆਂ ਦੇ ਸ਼ੁਭ ਅਵਸਰ ’ਤੇ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵੱਲੋਂ ਅਨਾਜ ਮੰਡੀ, ਕ੍ਰਿਸ਼ਨਾ ਮੰਦਰ ਨੇੜੇ ਦੂਜੀ ‘ਸ਼੍ਰੀ ਸ਼ਿਵ ਮਹਾਪੁਰਾਣ ਕਥਾ’ ਕਰਵਾਈ ਜਾ ਰਹੀ ਹੈ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸਿੱਧ ਪੀਠ ਭਾਗੀ ਬਾਂਦਰ ਵਾਲਾ ਡੇਰਾ ਬਜਰੰਗਬਲੀ ਮੰਦਰ ਦੇ ਗੱਦੀਨਸ਼ੀਨ ਸੰਤ ਰਮੇਸ਼ ਮੁਨੀ ਜੀ ਨੇ ਪੂਜਾ-ਅਰਚਨਾ ਉਪਰੰਤ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ੋਭਾ ਯਾਤਰਾ ਵਿਚ ਮੁੱਖ ਜਜਮਾਨ ਸੱਤਪਾਲ ਵਿੱਕੀ ਘੁੰਮਣ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵੂਮੈਨ ਕਮਿਸ਼ਨ ਦੇ ਵਾਈਸ ਚੇਅਰਮੈਨ ਰੁਪਿੰਦਰ ਕੌਰ ਗਿੱਲ, ਨਗਰ ਕੌਂਸਲ ਮੌੜ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਮੌੜ ਵਾਸੀਆਂ ਵੱਲੋਂ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਸੰਸਥਾਨ ਦੇ ਪ੍ਰਬੰਧਕਾਂ ਡਾ. ਵਿੰਪਨ ਚੰਦਰ, ਨੀਰਜ ਗੋਇਲ, ਸੁਮਿਤ ਗੋਇਲ, ਸੁਰਿੰਦਰ ਬਾਂਸਲ ਅਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਉਜੈਨ ਤੋਂ ਪਹੁੰਚ ਰਹੇ ਪ੍ਰਸਿੱਧ ਕਥਾ ਵਾਚਕ ਪੰਡਿਤ ਸ਼ਿਵ ਗੁਰੂ ਜੀ ਮਹਾਰਾਜ 13 ਤੋਂ 20 ਅਗਸਤ ਤੱਕ ਸੰਗਤਾਂ ਨੂੰ ਸ਼ਿਵ ਮਹਾਪੁਰਾਣ ਦੀਆਂ ਅੰਮ੍ਰਿਤਮਈ ਕਥਾਵਾਂ ਸੁਣਾਉਣਗੇ। ਉਨ੍ਹਾਂ ਕਿਹਾ ਕਿ ਕਥਾ ਦੌਰਾਨ ਇਕੱਠੀ ਹੋਣ ਵਾਲੀ ਦਾਨ ਰਾਸ਼ੀ ਬੀਮਾਰ, ਜ਼ਖਮੀ ਅਤੇ ਲੋੜਵੰਦ ਗਊ-ਵੰਸ਼ ਦੇ ਮੁਫ਼ਤ ਇਲਾਜ ਤੇ ਸੰਭਾਲ ਲਈ ਵਰਤੀ ਜਾਵੇਗੀ। ਸੇਵਕਾਂ ਨੇ ਇਲਾਕਾ ਵਾਸੀਆਂ ਨੂੰ ਕਥਾ ਵਿੱਚ ਸ਼ਾਮਲ ਹੋ ਕੇ ਗਊ ਸੇਵਾ ਦੇ ਪੁੰਨ ਕਾਰਜ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।