ਗੁਰੂ ਨਾਨਕ ਦੇਵ ਖ਼ਾਲਸਾ ਗਰਲਜ਼ ਕਾਲਜ ’ਚ ਕਰਵਾਈ ਫਰੈਸ਼ਰ ਪਾਰਟੀ ਗੁਰੂ ਨਾਨਕ ਦੇਵ ਖ਼ਾਲਸਾ ਗਰਲਜ਼ ਕਾਲਜ ਵਿੱਚ ਫਰੈਸ਼ਰ ਪਾਰਟੀ ਕਰਵਾਈ
Publish Date: Fri, 02 Oct 2026 05:29 PM (IST)
Updated Date: Fri, 02 Oct 2026 05:31 PM (IST)
ਸੀਨੀਅਰ ਰਿਪੋਰਟਰ, ਬਠਿੰਡਾ ਸਥਾਨਕ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਅਧੀਨ ਭਾਈ ਹਰਦੀਪਕ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਖ਼ਾਲਸਾ ਗਰਲਜ਼ ਕਾਲਜ ਵਿੱਚ ਨਵੀਆਂ ਵਿਦਿਆਰਥਣਾਂ ਦੇ ਸਵਾਗਤ ਲਈ 30 ਸਤੰਬਰ ਨੂੰ ਫਰੈਸ਼ਰ ਪਾਰਟੀ ਕਰਵਾਈ ਗਈ। ਸਮਾਗਮ ਕਾਲਜ ਪ੍ਰਿੰਸੀਪਲ ਡਾ. ਭੁਪਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ ਕਲੇਰ ਦੀ ਅਗਵਾਈ ਹੇਠ ਹੋਇਆ। ਫਰੈਸ਼ਰ ਪਾਰਟੀ ਬੀਏ, ਬੀਕਾਮ ਅਤੇ ਐੱਮਐੱਸਸੀ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਤੌਰ ’ਤੇ ਕਰਵਾਈ ਗਈ। ਸਮਾਗਮ ਵਿੱਚ ਸਿਮਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਅਤੇ ਮਨੋਰੰਜਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਤਿੰਨਾਂ ਵਿਭਾਗਾਂ ਵਿੱਚੋਂ ਇੱਕ-ਇੱਕ ਵਿਦਿਆਰਥਣ ਨੂੰ ‘ਮਿਸ ਫਰੈਸ਼ਰ’ ਦਾ ਖਿਤਾਬ ਦਿੱਤਾ ਗਿਆ। ਬੀਏ ਵਿੱਚ ਸਾਨੀਆ, ਬੀਕਾਮ ਵਿੱਚ ਹਰਮਨਪ੍ਰੀਤ ਕੌਰ ਅਤੇ ਐੱਮਐੱਸਸੀ ਵਿੱਚ ਚਾਂਦਨੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਭੁਪਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਾਲਜ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹੇਗਾ। ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ ਕਲੇਰ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਸਮਾਗਮ ਖੁਸ਼ਗਵਾਰ ਮਾਹੌਲ ਵਿੱਚ ਸੰਪੰਨ ਹੋਇਆ।