ਮੱਲਵਾਲਾ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਮੱਲਵਾਲਾ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ
Publish Date: Mon, 21 Sep 2026 04:58 PM (IST)
Updated Date: Mon, 21 Sep 2026 05:00 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਪਿੰਡ ਮੱਲਵਾਲਾ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਬਠਿੰਡਾ ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਵੱਲੋਂ ਪਨਕੋਫੈਡ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਸੋਨੂੰ ਮਹਾਜਨ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੀ ਰਹਿਨੁਮਾਈ ਅਤੇ ਏਆਰ ਸਰਕਲ ਤਲਵੰਡੀ ਸਾਬੋ ਦੀ ਅਗਵਾਈ ਹੇਠ ਕਰਵਾਏ ਕੈਂਪ ਵਿਚ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸਭਾ ਦੇ ਸਕੱਤਰ ਊਧਮ ਸਿੰਘ ਨੇ ਅਧਿਕਾਰੀਆਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ। ਇਫਕੋ ਦੇ ਫੀਲਡ ਅਫਸਰ ਨਿਤਿਨ ਕੁਮਾਰ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਨੈਨੋ ਖਾਦ ਦੀ ਵਰਤੋਂ ਲਈ ਪ੍ਰੇਰਿਤ ਕੀਤਾ। ਮਾਰਕਫੈਡ ਦੇ ਐੱਫਐੱਸਓ ਜਸਵੀਰ ਸਿੰਘ ਅਤੇ ਡੀਐੱਸਓ ਵਿਕਰਮਜੀਤ ਅਨੰਦ ਨੇ ਫਸਲਾਂ ਵਿੱਚ ਤੱਤਾਂ ਦੀ ਘਾਟ, ਖਾਦਾਂ ਤੇ ਦਵਾਈਆਂ ਤੋਂ ਇਲਾਵਾ ਮਾਰਕਫੈਡ ਦੇ ਵੱਖ-ਵੱਖ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਪਨਕੋਫੈਡ ਚੰਡੀਗੜ੍ਹ ਤੋਂ ਈਈਓ ਗੁਰੂਪ੍ਰਕਾਸ਼ ਸਿੰਘ ਕਿੰਗਰਾ ਨੇ ਸਹਿਕਾਰੀ ਲਹਿਰ, ਕਮੇਟੀ ਮੈਂਬਰਾਂ ਦੇ ਫਰਜ਼, ਕਰਜ਼ੇ ਦੀ ਸਹੀ ਵਰਤੋਂ ਅਤੇ ਸਮੇਂ ਸਿਰ ਵਾਪਸੀ ’ਤੇ ਮਿਲਣ ਵਾਲੀ ਤਿੰਨ ਫੀਸਦੀ ਵਿਆਜ ਛੋਟ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਖੇਤੀਬਾੜੀ ਵਿਭਾਗ ਦੇ ਏਡੀਓ ਵਿੱਕੀ ਕੁਮਾਰ ਨੇ ਬੀਜਾਂ, ਖਾਦਾਂ ਅਤੇ ਕੇਵੀਕੇ ਦੀਆਂ ਟ੍ਰੇਨਿੰਗਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਸਬ-ਇੰਸਪੈਕਟਰ ਅਰਸ਼ਦੀਪ ਕੌਰ ਨੇ ਪੀਐੱਮ ਕਿਸਾਨ ਸਕੀਮ ਤਹਿਤ ਜ਼ਮੀਨੀ ਰਿਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਸਰਪੰਚ ਸਤਪਾਲ ਸਿੰਘ, ਆਪ ਪ੍ਰਧਾਨ ਸੁਰਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਪਨਕੋਫੈਡ ਵੱਲੋਂ ਕਿਸਾਨਾਂ ਨੂੰ ਜਾਗਰੂਕਤਾ ਸਾਹਿਤ ਵੀ ਵੰਡਿਆ ਗਿਆ।