ਮਾਲਵਾ ਖੇਤਰ ’ਚ ਆਸਮਾਨ ’ਤੇ ਛਾਈ ਧੂੰਏ ਦੀ ਚਾਦਰ, ਬਠਿੰਡਾ 'ਚ ਏਕਿਊਆਈ 337 ਤੋਂ ਪਾਰ ਮਾਲਵਾ ਖੇਤਰ ’ਚ ਆਸਮਾਨ ’ਤੇ ਛਾਈ ਧੂੰਏ ਦੀ ਚਾਦਰ, ਬਠਿੰਡਾ 'ਚ ਸੀਜਨ ਦੌਰਾਨ ਏਕਿਊਆਈ 337 ਤੋਂ ਪਾਰ
Publish Date: Thu, 12 Nov 2026 06:14 PM (IST)
Updated Date: Thu, 12 Nov 2026 06:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪਰਾਲੀ ਨੂੰ ਅੱਗ ਲਗਾਉਣ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੇ ਮਾਲਵਾ ਖੇਤਰ ਦੀ ਆਬੋ-ਹਵਾ ਨੂੰ ਬੇਹੱਦ ਪ੍ਰਦੂਸ਼ਿਤ ਕਰ ਦਿੱਤਾ ਹੈ। ਖੇਤਾਂ ਵਿਚੋਂ ਉੱਠ ਰਹੇ ਧੂੰਏਂ ਨੇ ਪੂਰੇ ਆਸਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਵੀਰਵਾਰ ਨੂੰ ਸਵੇਰ ਤੋਂ ਹੀ ਪਰਾਲੀ ਦੇ ਧੂੰਏਂ ਅਤੇ ਧੁੰਦ ਕਾਰਨ ਮਾਲਵਾ ਖੇਤਰ ਵਿਚ ਸਮੋਗ ਦੀ ਸੰਘਣੀ ਪਰਤ ਛਾਈ ਰਹੀ। ਇਸ ਦੌਰਾਨ ਸੂਰਜ ਦੇਵਤਾ ਦੇ ਦਰਸ਼ਨ ਤਕ ਨਹੀਂ ਹੋ ਸਕੇ। ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸੀਜ਼ਨ ਦੌਰਾਨ ਪਹਿਲੀ ਵਾਰ 337 ਤੋਂ ਪਾਰ ਪਹੁੰਚ ਗਿਆ, ਜਦਕਿ ਸ਼ਾਮ ਸਮੇਂ ਇਸ ਵਿਚ ਹੋਰ ਵੀ ਵਾਧਾ ਹੋ ਗਿਆ। ਇਸ ਕਾਰਨ ਬਠਿੰਡਾ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਮਾਲਵਾ ਖੇਤਰ ਵਿੱਚ ਛਾਈ ਸਮੋਗ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਸਵੇਰ ਸਮੇਂ ਸੜਕਾਂ ’ਤੇ ਦੂਰ ਤਕ ਦਿਖਾਈ ਦੇਣਾ ਮੁਸ਼ਕਲ ਹੋ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਹੋ ਗਈ। ਖ਼ਾਸ ਕਰਕੇ ਸਵੇਰ ਤੇ ਸ਼ਾਮ ਸਮੇਂ ਦੋਪਹੀਆ ਵਾਹਨ ਚਾਲਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਸਮਾਨ ਵਿਚ ਧੂੰਏਂ ਦੀ ਇਨ੍ਹੀ ਸੰਘਣੀ ਪਰਤ ਸੀ ਕਿ ਕੁਝ ਦੂਰੀ ’ਤੇ ਸਥਿਤ ਇਮਾਰਤਾਂ ਵੀ ਸਾਫ਼ ਦਿਖਾਈ ਨਹੀਂ ਦੇ ਰਹੀਆਂ ਸਨ। ਅਗਲੇ ਦਿਨ੍ਹਾਂ ਵਿਚ ਅਸਾਮਾਨ ’ਤੇ ਛਾਈ ਧੂੰਹੇ ਦੀ ਚਾਦਰ ਹੋਰ ਸੰਘਣੀ ਹੋਰ ਦੀ ਸੰਭਾਵਨਾ ਹੈ ਕਿਉਂਕਿ ਮਾਲਵਾ ਖੇਤਰ ਅੰਦਰ 90 ਤੋਂ 95 ਫੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ ਅਤੇ ਕਿਸਾਨ ਕਣਕ ਦੀ ਬਿਜਾਈ 15 ਨਵੰਬਰ ਤਕ ਕਰਨੀ ਚਾਹੁੰਦੇ ਹਨ। ਇਸ ਲਈ ਪਰਾਲੀ ਨੂੰ ਅੱਗ ਲੱਗਣ ਦੀਆਂ ਹੋਰ ਘਟਨਾਵਾਂ ਵਧ ਸਕਦੀਆਂ ਹਨ। ਬਾਕਸ ਇਸ ਸਾਲ 499 ਥਾਵਾਂ ’ਤੇ ਸਾੜੀ ਪਰਾਲੀ, ਪਿਛਲੇ ਸਾਲ ਨਾਲੋਂ 140 ਘਟਨਾਵਾਂ ਵੱਧ ਜ਼ਿਲ੍ਹੇ ਵਿੱਚ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ 499 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 359 ਸੀ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਨਵੰਬਰ ਦੇ ਪਹਿਲੇ ਛੇ ਦਿਨਾਂ ਦੌਰਾਨ ਹੀ 250 ਥਾਵਾਂ ’ਤੇ ਪਰਾਲੀ ਸਾੜੀ ਗਈ। ਲਗਾਤਾਰ ਲੱਗ ਰਹੀ ਅੱਗ ਕਾਰਨ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਵਾਰ ਸੀਜ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ ਏਕਿਊਆਈ 200 ਤੋਂ ਹੇਠਾਂ ਰਿਹਾ ਸੀ, ਪਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਆਉਣ ਨਾਲ ਹੁਣ ਸਥਿਤੀ ਗੰਭੀਰ ਹੋ ਗਈ ਹੈ। ਬਾਕਸ ਮੌਸਮ ਖ਼ਰਾਬ ਹੋਣ ਕਾਰਨ ਲੇਟ ਹੋਈ ਝੋਨੇ ਦੀ ਵਾਢੀ ਇਸ ਵਾਰ ਮੌਸਮ ਖ਼ਰਾਬ ਰਹਿਣ ਕਾਰਨ ਝੋਨੇ ਦੀ ਵਾਢੀ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਇਸ ਦੇ ਨਾਲ ਹੀ ਕਿਸਾਨਾਂ ਸਾਹਮਣੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਦੀ ਚੁਣੌਤੀ ਵੀ ਖੜ੍ਹੀ ਹੋ ਗਈ। ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਅਗਲੀ ਫ਼ਸਲ ਲਈ ਤਿਆਰ ਕਰਨ ਵਾਸਤੇ ਕਿਸਾਨਾਂ ਕੋਲ ਸਮਾਂ ਘੱਟ ਰਹਿ ਗਿਆ। ਅਜਿਹੇ ਹਾਲਾਤ ਵਿੱਚ ਕਈ ਕਿਸਾਨਾਂ ਨੇ ਪਰਾਲੀ ਦੇ ਨਿਪਟਾਰੇ ਲਈ ਅੱਗ ਲਗਾਉਣ ਦਾ ਰਾਹ ਅਪਣਾਇਆ। ਹਾਲਾਂਕਿ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਅਤੇ ਹੋਰ ਬਦਲਵੇਂ ਤਰੀਕੇ ਮੌਜੂਦ ਹਨ, ਪਰ ਸਮੇਂ ਦੀ ਘਾਟ ਅਤੇ ਪ੍ਰਬੰਧਾਂ ਦੀਆਂ ਮੁਸ਼ਕਲਾਂ ਕਾਰਨ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਾਕਸ ਚੋਣਾਂ ਕਾਰਨ ਨਹੀਂ ਕੀਤੀ ਸਖਤੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਸਾੜਨ ਵਾਲਿਆਂ ਦੇ ਚਲਾਨ ਕੱਟਣ ਅਤੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਕਰਨ ਦੀ ਗੱਲ ਵੀ ਕਹੀ ਗਈ ਸੀ। ਇਸ ਦੇ ਬਾਵਜੂਦ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆਈ। ਇਸ ਵਾਰ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪਰਾਲੀ ਜਿਆਦਾ ਸਾੜੀ ਜਾ ਰਾਹੀ ਹੈ, ਕਿਉਂਕਿ ਸਰਕਾਰ ’ਤ਼ੇ ਪ੍ਰਸ਼ਾਸਨ ਚੁੱਪ ਹੈ।