ਬਠਿੰਡਾ ’ਚ 8 ਲੱਖ ਮੀਟਰਕ ਟਨ ਪਰਾਲੀ ਦੀ ਹੋਵੇਗੀ ਵਰਤੋਂ ਬਠਿੰਡਾ ਵਿੱਚ 8 ਲੱਖ ਮੀਟਰਕ ਟਨ ਪਰਾਲੀ ਦੀ ਹੋਵੇਗੀ ਵਰਤੋਂ
Publish Date: Wed, 30 Sep 2026 04:10 PM (IST)
Updated Date: Wed, 30 Sep 2026 04:12 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹਾ ਬਠਿੰਡਾ ਵਿਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹੇ ਵਿਚ ਇਸ ਸਾਲ ਪੈਦਾ ਹੋਣ ਵਾਲੀ ਲਗਭਗ 8.5 ਲੱਖ ਮੀਟਰਕ ਟਨ ਝੋਨੇ ਦੀ ਪਰਾਲੀ ਵਿਚੋਂ ਕਰੀਬ 8 ਲੱਖ ਮੀਟਰਕ ਟਨ ਪਰਾਲੀ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕਰਨ ਦੀ ਯੋਜਨਾ ਹੈ। ਇਸ ਵਿਚ ਪਰਾਲੀ ਤੋਂ ਗਿੱਟੀਆਂ (ਪੈਲਟ) ਬਣਾਉਣ ਵਾਲੀਆਂ ਇਕਾਈਆਂ, ਉਦਯੋਗਿਕ ਬਾਇਲਰਾਂ ਵਿੱਚ ਇਸ ਦੀ ਵਰਤੋਂ ਅਤੇ ਵੱਖ-ਵੱਖ ਥਾਵਾਂ ’ਤੇ ਪਰਾਲੀ ਨੂੰ ਡੰਪ ਵਜੋਂ ਸਟੋਰ ਕਰਨਾ ਸ਼ਾਮਲ ਹੈ। ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਗਿੱਟੀਆਂ ਬਣਾਉਣ ਵਾਲੀਆਂ ਇਕਾਈਆਂ, ਇੱਟਾਂ ਦੇ ਭੱਠਿਆਂ ਦੀ ਐਸੋਸੀਏਸ਼ਨ ਅਤੇ ਵਪਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ-ਸਿਟੂ ਅਤੇ ਐਕਸ-ਸਿਟੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਪੈਲਟ ਬਣਾਉਣ ਵਾਲੀਆਂ ਇਕਾਈਆਂ ਵੱਲੋਂ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਇਕਾਈਆਂ ਰਾਹੀਂ ਪਰਾਲੀ ਤੋਂ ਗਿੱਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਬਾਲਣ ਵਜੋਂ ਵੱਖ-ਵੱਖ ਉਦਯੋਗਾਂ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਅਨੁਸਾਰ ਕਰੀਬ 4 ਲੱਖ ਮੀਟਰਕ ਟਨ ਪਰਾਲੀ ਦੀ ਵਰਤੋਂ ਪੈਲਟ ਬਣਾਉਣ ਵਾਲੇ ਉਦਯੋਗਾਂ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲਗਭਗ 3.5 ਲੱਖ ਮੀਟਰਕ ਟਨ ਪਰਾਲੀ ਉਦਯੋਗਿਕ ਇਕਾਈਆਂ ਦੇ ਬਾਇਲਰਾਂ ਵਿੱਚ ਬਾਲਣ ਵਜੋਂ ਵਰਤੀ ਜਾਵੇਗੀ। ਬਾਕੀ ਬਚੀ ਪਰਾਲੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਡੰਪਾਂ ਵਿੱਚ ਸਟੋਰ ਕਰਨ ਦੀ ਯੋਜਨਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪਰਾਲੀ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਬਦਲਵੇਂ ਸਾਧਨ ਮਿਲਣਗੇ ਅਤੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਭੱਠਿਆਂ ’ਚ ਗਿੱਟੀਆਂ ਦੀ ਵਰਤੋਂ ਦੀ ਅਪੀਲ ਡਿਪਟੀ ਕਮਿਸ਼ਨਰ ਨੇ ਇੱਟਾਂ ਦੇ ਭੱਠਿਆਂ ਦੀ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਹ ਕੋਲੇ ਦੇ ਨਾਲ ਪਰਾਲੀ ਤੋਂ ਤਿਆਰ ਕੀਤੀਆਂ ਗਿੱਟੀਆਂ ਦੀ ਵੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਭੱਠਿਆਂ ਵਿੱਚ ਲਗਭਗ 30 ਫੀਸਦੀ ਗਿੱਟੀਆਂ ਨੂੰ ਬਾਲਣ ਵਜੋਂ ਵਰਤਣ ਨਾਲ ਪਰਾਲੀ ਦੇ ਪ੍ਰਬੰਧਨ ਦੇ ਨਾਲ ਵਾਤਾਵਰਣ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ, ਨਵੀਂ ਦਿੱਲੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਬੰਧੀ ਲੋੜੀਂਦੇ ਸਮਝੌਤੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਟਾਂ ਦੇ ਭੱਠੇ ਪਰਾਲੀ ਤੋਂ ਬਣੀਆਂ ਗਿੱਟੀਆਂ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਬਾਲਣ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਭੱਠਾ ਮਾਲਕ ਨੇੜਲੀਆਂ ਪੈਲਟ ਨਿਰਮਾਣ ਇਕਾਈਆਂ ਤੋਂ ਗਿੱਟੀਆਂ ਦੀ ਸਪਲਾਈ ਪ੍ਰਾਪਤ ਕਰ ਸਕਣਗੇ। ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਰੂਬੀ ਸਿੱਧੂ, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ, ਡੀਐਫਐਸਸੀ ਗੁਰਤਾਰ ਸਿੰਘ, ਕਿਰਤ ਵਿਭਾਗ ਦੇ ਅਧਿਕਾਰੀ, ਇੱਟਾਂ ਦੇ ਭੱਠਿਆਂ ਦੇ ਮਾਲਕ, ਪੈਲਟ ਨਿਰਮਾਤਾ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ, ਵਪਾਰੀਆਂ ਅਤੇ ਉਦਯੋਗਿਕ ਇਕਾਈਆਂ ਦੇ ਸਹਿਯੋਗ ਨੂੰ ਅਹਿਮ ਦੱਸਿਆ ਗਿਆ।