70 ਸਾਲਾ ਬਜ਼ੁਰਗ ਖਿਡਾਰੀਆਂ ਨੇ ਜਿੱਤਿਆ ਚਾਂਦੀ ਦਾ ਤਗਮਾ 70 ਸਾਲਾ ਬਜ਼ੁਰਗ ਖਿਡਾਰੀਆਂ ਨੇ ਜਿੱਤਿਆ ਚਾਂਦੀ ਦਾ ਤਗਮਾ
Publish Date: Tue, 06 Oct 2026 06:41 PM (IST)
Updated Date: Tue, 06 Oct 2026 06:44 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਵਿਚ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਰਾਮਪੁਰਾ ਫੂਲ ਦੇ 70 ਸਾਲਾ ਵਰਗ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਪ੍ਰਾਪਤੀ ਨਾਲ ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਲੱਬ ਦੇ 70 ਸਾਲਾ ਵਰਗ ਦੇ ਖਿਡਾਰੀਆਂ ਨੂੰ ਚਾਂਦੀ ਦਾ ਤਗਮਾ ਜਿੱਤਣ ’ਤੇ ਵਧਾਈ ਦਿੱਤੀ। ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਭੁੱਲਰ ਅਤੇ ਖਜ਼ਾਨਚੀ ਗੁਰਮੇਲ ਸਿੰਘ ਬਦੇਸ਼ਾ ਨੇ ਕਿਹਾ ਕਿ ਖੇਡਾਂ ਕਿਸੇ ਉਮਰ ਦੀਆਂ ਮੁਹਤਾਜ ਨਹੀਂ ਹੁੰਦੀਆਂ। ਮਨ ਵਿੱਚ ਖੇਡ ਪ੍ਰਤੀ ਜਜ਼ਬਾ ਅਤੇ ਮੈਦਾਨ ਵਿੱਚ ਉਤਰਨ ਦਾ ਹੌਸਲਾ ਹੋਵੇ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ 70 ਸਾਲਾ ਖਿਡਾਰੀਆਂ ਦੀ ਇਹ ਪ੍ਰਾਪਤੀ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਅਜਿਹੀਆਂ ਪ੍ਰਾਪਤੀਆਂ ਲੋਕਾਂ ਨੂੰ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਜੀਵਨ ਜਿਊਣ ਲਈ ਉਤਸ਼ਾਹਿਤ ਕਰਦੀਆਂ ਹਨ।