70ਵੀਆਂ ਪੰਜਾਬ ਸਕੂਲ ਖੇਡਾਂ ਦੀ ਕੋਟ ਸ਼ਮੀਰ ਤੋਂ ਸ਼ਾਨਦਾਰ ਸ਼ੁਰੂਆਤ 70ਵੀਆਂ ਪੰਜਾਬ ਸਕੂਲ ਖੇਡਾਂ ਦੀ ਕੋਟ ਸ਼ਮੀਰ ਤੋਂ ਸ਼ਾਨਦਾਰ ਸ਼ੁਰੂਆਤ
Publish Date: Sun, 02 Aug 2026 04:38 PM (IST)
Updated Date: Sun, 02 Aug 2026 04:40 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ 70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਬਠਿੰਡਾ ਜੋਨ ਨੰਬਰ-1 ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਸ਼ਨੀਵਾਰ ਨੂੰ ਕੋਟ ਸ਼ਮੀਰ ਦੇ ਸਟੇਡੀਅਮ ਵਿਖੇ ਹੋਈ। ਪਹਿਲੇ ਦਿਨ ਸਰਕਲ ਕਬੱਡੀ ਦੇ ਮੁੰਡਿਆਂ ਅਤੇ ਕੁੜੀਆਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜੋਨ ਅਧੀਨ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੁੰਡਿਆਂ ਦੇ ਅੰਡਰ-14 ਅਤੇ ਅੰਡਰ-17 ਵਰਗ ਦੇ ਕਬੱਡੀ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੁੜੀਆਂ ਦੇ ਅੰਡਰ-17 ਵਰਗ ਵਿੱਚ ਵੀ ਜੇਤੂ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਆਪਣੇ ਨਾਮ ਕੀਤਾ। ਇਸੇ ਦੌਰਾਨ ਸਕੂਲ ਆਫ਼ ਐਮੀਨੈਂਸ ਕੋਟ ਸ਼ਮੀਰ ਦੇ ਵਿਦਿਆਰਥੀਆਂ ਨੇ ਹੋਰ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੋ-ਖੋ ਦੇ ਅੰਡਰ-14 ਅਤੇ ਅੰਡਰ-19 ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਵਾਲੀਬਾਲ ਦੇ ਅੰਡਰ-17 ਅਤੇ ਅੰਡਰ-19 ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਕਬੱਡੀ ਮੁਕਾਬਲਿਆਂ ਵਿੱਚ ਰੈਫਰੀ ਦੀ ਜ਼ਿੰਮੇਵਾਰੀ ਕੋਚ ਹਰਬਚਨ ਸਿੰਘ ਜਲਾਲ ਅਤੇ ਕਬੱਡੀ ਖਿਡਾਰੀ ਪੀਤਾ ਸਿੱਧੂ ਨੇ ਨਿਭਾਈ। ਉਨ੍ਹਾਂ ਵੱਲੋਂ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਮੁਕਾਬਲੇ ਸੰਪੰਨ ਕਰਵਾਏ ਗਏ। ਇਸ ਮੌਕੇ ਸਕੂਲ ਆਫ਼ ਐਮੀਨੈਂਸ ਕੋਟ ਸ਼ਮੀਰ ਦੇ ਇੰਚਾਰਜ ਪ੍ਰਿੰਸੀਪਲ ਵਿਸ਼ਾਲ ਬਾਂਸਲ, ਡਾ. ਰਵਨੀਤ ਸਿੰਘ ਮਾਨ, ਡੀ.ਪੀ. ਮਾਸਟਰ ਮਨਦੀਪ ਸਿੱਧੂ , ਲੈਕਚਰਾਰ ਮਲਕੀਤ ਸਿੰਘ, ਸੋਮਾ ਸਿੰਘ, ਹਰਮਨਜੋਤ ਸਿੰਘ, ਰੇਸ਼ਮ ਸਿੰਘ ਅਤੇ ਰੁਪਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ। ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਪਿੰਡ ਦੇ ਪਤਵੰਤੇ ਸੱਜਣਾਂ ਵਿੱਚ ਕੋਟ ਸ਼ਮੀਰ ਨਗਰ ਪੰਚਾਇਤ ਦੇ ਪ੍ਰਧਾਨ ਜਸਵਿੰਦਰ ਕੌਰ ਦੇ ਸਪੁੱਤਰ ਅਤੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ, ਉਪ ਪ੍ਰਧਾਨ ਸੁਖਵਿੰਦਰ ਕੌਰ ਦੇ ਪਤੀ ਹਰਭਜਨ ਸਿੰਘ, ਕੌਂਸਲਰ ਸੁਖਪਾਲ ਸਿੰਘ, ਕੌਂਸਲਰ ਰਾਮ ਸਿੰਘ ਮਾਨ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨਜੀਤ ਸਿੰਘ, ਗੁਰਨੈਬ ਸਿੰਘ ਅਤੇ ਹੋਰ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਤੋਂ ਇਲਾਵਾ ਕਾਂਗਰਸ ਯੂਥ ਬਠਿੰਡਾ ਦੇ ਪ੍ਰਧਾਨ ਅਤੇ ਕੌਂਸਲਰ ਜਸਪ੍ਰੀਤ ਸਿੰਘ ਜੱਸਾ ਅਤੇ ਇੰਡਸਟਰੀਅਲ ਏਰੀਆ ਕੋਟ ਸ਼ਮੀਰ ਪੁਲਿਸ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਦਰਸ਼ਕਾਂ ਨੇ ਹਰ ਮੁਕਾਬਲੇ ਦਾ ਭਰਪੂਰ ਆਨੰਦ ਮਾਣਿਆ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੇਡ ਮੁਕਾਬਲੇ ਵੀ ਇਸੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਏ ਜਾਣਗੇ।