70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਹਾਕੀ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਹਾਕੀ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
Publish Date: Tue, 29 Sep 2026 03:54 PM (IST)
Updated Date: Tue, 29 Sep 2026 03:57 PM (IST)
ਸੀਨੀਅਰ ਰਿਪੋਰਟਰ ਬਠਿੰਡਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਅੰਡਰ-17 ਸਾਲ ਲੜਕੀਆਂ ਦੇ ਮੁਕਾਬਲਿਆਂ ਦਾ ਹਾਕੀ ਟਰਫ਼ ਬਠਿੰਡਾ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਹਾਕੀ ਟਰਫ਼ ਵਿਖੇ ਪਹੁੰਚੇ। ਇਸ ਮੌਕੇ ਖੇਡਾਂ ਦੇ ਆਬਜ਼ਰਵਰ ਗੁਰਪ੍ਰੀਤ ਸਿੰਘ ਸਿੱਧੂ ਵੀ ਮੌਜੂਦ ਸਨ। ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਮੈਦਾਨ ਵਿਚ ਉਤਰਨਾ ਆਪਣੇ ਆਪ ਵਿਚ ਵੱਡੀ ਉਪਲਬਧੀ ਹੈ। ਉਨ੍ਹਾਂ ਖਿਡਾਰਨਾਂ ਨੂੰ ਹੌਸਲੇ ਤੇ ਸਕਾਰਾਤਮਕ ਸੋਚ ਨਾਲ ਆਪਣੀ ਪੂਰੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਯੋਗ ਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਖੇਡਾਂ ਦੇ ਨਾਲ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣ ਦੀ ਅਪੀਲ ਕੀਤੀ। ਮੁਕਾਬਲਿਆਂ ਦੇ ਨਤੀਜਿਆਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਫਤਿਹਗੜ੍ਹ ਸਾਹਿਬ ਨੂੰ 18-0, ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਤਰਨਤਾਰਨ ਨੇ ਫਿਰੋਜ਼ਪੁਰ ਨੂੰ 5-0, ਸੈਂਟਰ ਆਫ ਐਕਸੀਲੈਂਸ ਜਲੰਧਰ ਨੇ ਬਰਨਾਲਾ ਨੂੰ 9-0 ਅਤੇ ਪੀਆਈਐੱਸ ਬਾਦਲ ਨੇ ਗੁਰਦਾਸਪੁਰ ਨੂੰ 8-0 ਨਾਲ ਹਰਾਇਆ। ਹੁਸ਼ਿਆਰਪੁਰ ਤੇ ਪਟਿਆਲਾ ਦਾ ਮੁਕਾਬਲਾ 0-0 ਨਾਲ ਬਰਾਬਰ ਰਿਹਾ। ਇਸੇ ਤਰ੍ਹਾਂ ਖਾਲਸਾ ਸਕੂਲ ਅੰਮ੍ਰਿਤਸਰ ਨੇ ਬਠਿੰਡਾ ਨੂੰ 2-0, ਰੂਪਨਗਰ ਨੇ ਕਪੂਰਥਲਾ ਨੂੰ 6-0 ਤੇ ਸ੍ਰੀ ਮੁਕਤਸਰ ਸਾਹਿਬ ਨੇ ਮਾਨਸਾ ਨੂੰ 10-0 ਨਾਲ ਹਰਾਇਆ। ਪੀਆਈਐੱਸ ਬਠਿੰਡਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 6-1 ਤੇ ਸੰਗਰੂਰ ਨੇ ਫਿਰੋਜ਼ਪੁਰ ਨੂੰ 3-0 ਨਾਲ ਮਾਤ ਦਿੱਤੀ। ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਜੋਸ਼, ਖੇਡ ਕਾਬਲੀਅਤ ਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਖੇਡ ਕਨਵੀਨਰ ਰਣਧੀਰ ਸਿੰਘ, ਕੋ-ਕਨਵੀਨਰ ਜਗਮੋਹਨ ਸਿੰਘ, ਹਰਜਿੰਦਰ ਸਿੰਘ, ਰਹਿੰਦਰ ਸਿੰਘ, ਇਸਟਪਾਲ ਸਿੰਘ, ਸੁਖਜਿੰਦਰਪਾਲ ਕੌਰ ਸੁੱਖੀ, ਸੰਦੀਪ ਕੌਰ, ਹਾਕੀ ਕੋਚ ਰਾਜਵੰਤ ਸਿੰਘ ਅਤੇ ਪੀ.ਟੀ.ਆਈ. ਹਰਭਗਵਾਨ ਦਾਸ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।