ਖੇਡਾਂ ਅਨੁਸ਼ਾਸਨ, ਸਹਿਣਸ਼ੀਲਤਾ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ: ਗਿੱਲ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਕ੍ਰਿਕਟ ਅੰਡਰ-17 ਲੜਕਿਆਂ ਵਿਚ ਤੀਜੇ ਦਿਨ ਹੋਏ ਰੋਚਕ ਮੁਕਾਬਲੇ
Publish Date: Fri, 30 Oct 2026 05:30 PM (IST)
Updated Date: Sat, 31 Oct 2026 04:02 AM (IST)
70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਕ੍ਰਿਕਟ ਅੰਡਰ-17 ਲੜਕਿਆਂ ਵਿਚ ਤੀਜੇ ਦਿਨ ਹੋਏ ਰੌਚਕ ਮੁਕਾਬਲੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਰਾਜੀਵ ਕੁਮਾਰ ਛਾਬੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਕ੍ਰਿਕਟ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲੇ ਡੀਏਵੀ ਕਾਲਜ ਕ੍ਰਿਕਟ ਗਰਾਊਂਡ, ਦਿੱਲੀ ਪਬਲਿਕ ਸਕੂਲ ਅਤੇ ਕਰਮਾ ਕ੍ਰਿਕਟ ਅਕੈਡਮੀ ਵਿਖੇ ਕਰਵਾਏ ਜਾ ਰਹੇ ਹਨ। ਅੱਜ ਤੀਜੇ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਕ੍ਰਿਕਟ ਵਰਗੀ ਖੇਡ ਬੱਚਿਆਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ, ਆਪਸੀ ਸਹਿਯੋਗ ਤੇ ਅਗਵਾਈ ਕਰਨ ਦੀ ਸਮਰੱਥਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤ ਜਾਂ ਹਾਰ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਬੱਚਿਆਂ ਨੂੰ ਜ਼ਿੰਦਗੀ ਵਿੱਚ ਸੰਘਰਸ਼ ਕਰਨਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਅਤੇ ਹਰ ਸਥਿਤੀ ਵਿੱਚ ਹੌਸਲਾ ਬਣਾਈ ਰੱਖਣਾ ਸਿਖਾਉਂਦੀਆਂ ਹਨ। ਖੇਡ ਮੈਦਾਨ ਵਿੱਚ ਖਿਡਾਰੀ ਇੱਕ-ਦੂਜੇ ਤੋਂ ਬਹੁਤ ਕੁਝ ਸਿੱਖਦੇ ਹਨ ਅਤੇ ਮਿਲਜੁਲ ਕੇ ਖੇਡਣ ਨਾਲ ਉਨ੍ਹਾਂ ਵਿੱਚ ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਮਿਹਨਤ ਤੇ ਲਗਨ ਨਾਲ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰ-ਜ਼ਿਲ੍ਹਾ ਮੁਕਾਬਲੇ ਉਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਭਵਿੱਖ ਵਿੱਚ ਉੱਚ ਪੱਧਰ ਤੇ ਖੇਡਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਅੱਜ ਦੇ ਮੁਕਾਬਲਿਆਂ ਵਿਚ ਪਹਿਲੇ ਮੈਚ ਵਿੱਚ ਫਤਿਹਗੜ੍ਹ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 15 ਓਵਰਾਂ ਵਿੱਚ 131 ਦੌੜਾਂ ਬਣਾਈਆਂ। ਫਤਿਹਗੜ੍ਹ ਵੱਲੋਂ ਵੇਦਾਂਸ਼ ਨੇ 28 ਗੇਂਦਾਂ ਵਿੱਚ 40 ਦੌੜਾਂ ਅਤੇ ਹਰਸ਼ਨ ਨੇ 32 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਮਾਨਸਾ ਵੱਲੋਂ ਗੇਂਦਬਾਜ਼ੀ ਕਰਦਿਆਂ ਗੁਰਦੀਪ ਨੇ 3 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ ਵਿੱਚ ਮਾਨਸਾ ਦੀ ਟੀਮ ਵੱਲੋਂ ਹਰਸਿਮਰਨ ਨੇ 26 ਗੇਂਦਾਂ ਵਿੱਚ 45 ਦੌੜਾਂ ਅਤੇ ਆਰੀਅਨ ਨੇ 16 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਇਸ ਤਰ੍ਹਾਂ ਮਾਨਸਾ ਦੀ ਟੀਮ ਨੇ ਇਹ ਮੁਕਾਬਲਾ 8 ਵਿਕਟਾਂ ਨਾਲ ਜਿੱਤ ਲਿਆ। ਦੂਜੇ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਫਿਰੋਜ਼ਪੁਰ ਦੀ ਟੀਮ 15 ਓਵਰਾਂ ਵਿੱਚ 83 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੇ ਜਵਾਬ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ 12 ਓਵਰਾਂ ਵਿੱਚ 84 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ ਤੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਐੱਸਏਐੱਸ ਨਗਰ ਤੇ ਮਲੇਰਕੋਟਲਾ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਐੱਸਏਐੱਸ ਨਗਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ਤੇ 147 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਮਲੇਰਕੋਟਲਾ ਦੀ ਟੀਮ 18.2 ਓਵਰਾਂ ਵਿੱਚ 94 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਐੱਸਏਐੱਸ ਨਗਰ ਦੀ ਟੀਮ ਨੇ ਇਹ ਮੁਕਾਬਲਾ 53 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।