ਜਲਾਲ ‘ਚ 690 ਮਰੀਜ਼ਾਂ ਦੀ ਮੁਫ਼ਤ ਲੈਂਜ਼ ਆਪ੍ਰੇਸ਼ਨ ਲਈ ਹੋਈ ਚੋਣ ਜਲਾਲ ‘ਚ 690 ਮਰੀਜ਼ਾਂ ਦੀ ਮੁਫ਼ਤ ਲੈਂਜ਼ ਆਪ੍ਰੇਸ਼ਨ ਲਈ ਹੋਈ ਚੋਣ
Publish Date: Mon, 28 Sep 2026 04:06 PM (IST)
Updated Date: Mon, 28 Sep 2026 04:09 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਵਿਵੇਕ ਆਸ਼ਰਮ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਆਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਰਹਿਨੁਮਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਵਿਸ਼ੇਸ਼ ਯਤਨਾਂ ਸਦਕਾ ਬਾਬਾ ਖੇਮ ਦਾਸ ਜੀ ਦੀ ਯਾਦ ਨੂੰ ਸਮਰਪਿਤ 266ਵਾਂ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਸਫ਼ਲਤਾ ਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੰਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸੇ ਦੌਰਾਨ ਸੰਟੀ ਨੇ ਆਸਰਮ ਦੇ ਉੱਦਮਾਂ ਦੀ ਸਲਾਘਾ ਕੀਤੀ। ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਦੇਸ਼ ਦੇ ਮੰਨੇ-ਪ੍ਰਮੰਨੇ ਅਤੇ ਉੱਚ-ਕੋਟੀ ਦੇ ਅੱਖਾਂ ਦੇ ਮਾਹਰ ਡਾ. ਰਵੀਕਾਂਤ ਬਮੋਤਰਾ, ਡਾ. ਮੀਨਾਕਸ਼ੀ ਸਿੰਧੂ ਤੇ ਡਾ. ਜੈਸਨ ਜੌੜਾ ਦੀ ਟੀਮ ਵੱਲੋਂ 1340 ਮਰੀਜ਼ਾਂ ਦੀਆਂ ਅੱਖਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਚੈੱਕਅਪ ਤੋਂ ਬਾਅਦ 690 ਆਪ੍ਰੇਸ਼ਨ-ਯੋਗ ਮਰੀਜ਼ਾਂ ਦੀ ਮੁਫ਼ਤ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਚੁਣੇ ਗਏ ਮਰੀਜ਼ਾਂ ਨੂੰ ਆਪ੍ਰੇਸ਼ਨ ਦੇ ਨਾਲ-ਨਾਲ ਲੋੜੀਂਦੀਆਂ ਦਵਾਈਆਂ ਵੀ ਬਿਨਾਂ ਕਿਸੇ ਖ਼ਰਚੇ ਦੇ ਦਿੱਤੀਆਂ ਗਈਆਂ। ਕੈਂਪ ਦੌਰਾਨ ਦੂਰ-ਦੁਰਾਡੇ ਤੋਂ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਮਾਨਵਤਾ ਦੀ ਸੇਵਾ ਕਰਦਿਆਂ ਹੁਣ ਤੱਕ ਲੱਖਾਂ ਹੀ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਮੁਫ਼ਤ ਰੋਸ਼ਨੀ ਪ੍ਰਦਾਨ ਕਰ ਚੁੱਕੀ ਹੈ। ਇਸ ਮੌਕੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਉੱਪ ਮੰਡਲ ਮਜਿਸਟਰੇਟ ਰਾਮਪੁਰਾ ਬਲਕਰਨ ਸਿੰਘ, ਲਾਈਫਕੇਅਰ ਫਾਊਂਡੇਸ਼ਨ ਤੋ ਸਤੀਸ਼ ਕੁਮਾਰ, ਸਮਾਜ ਸੇਵੀ ਗੁਲਾਬ ਚੰਦ ਸਿੰਗਲਾ, ਸਤੀਸ਼ ਕੁਮਾਰ ਕਲਿਆਣ ਆਦਿ ਹਾਜ਼ਰ ਸਨ।