ਜ਼ਿਲ੍ਹੇ ’ਚ 3000 ਕਿਸਾਨਾਂ ਨੂੰ ਬੀਜ ਦੇ 6000 ਥੈਲੇ ਮੁਹੱਈਆ ਕਰਵਾਏ ਜ਼ਿਲ੍ਹੇ ਵਿੱਚ 3000 ਕਿਸਾਨਾਂ ਨੂੰ 6000 ਥੈਲੇ ਬੀਜ ਮੁਹੱਈਆ
Publish Date: Mon, 02 Nov 2026 04:14 PM (IST)
Updated Date: Mon, 02 Nov 2026 04:17 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ਤੇ ਸਰਟੀਫਾਈਡ ਬੀਜ ਮੁਹੱਈਆ ਕਰਵਾਉਣ ਦੀ ਯੋਜਨਾ ਤਹਿਤ ਬਲਾਕ ਬਠਿੰਡਾ ਵਿੱਚ ਹੁਣ ਤਕ ਕਣਕ ਦੇ ਬੀਜ ਦੇ 1200 ਥੈਲਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜਦਕਿ ਸਮੁੱਚੇ ਜ਼ਿਲ੍ਹਾ ਬਠਿੰਡਾ ਵਿਚ ਹੁਣ ਤੱਕ ਕਰੀਬ 3000 ਕਿਸਾਨਾਂ ਨੂੰ 6000 ਥੈਲੇ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਵਾਲੇ ਬੀਜ ਦੀ ਉਪਲਬਧਤਾ ਸਬੰਧੀ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ। 31 ਅਕਤੂਬਰ ਤੱਕ ਬਲਾਕ ਬਠਿੰਡਾ ਦੇ ਕਿਸਾਨਾਂ ਨੂੰ ਕਣਕ ਦੇ ਸਰਟੀਫਾਈਡ ਬੀਜ ਦੀਆਂ ਚਾਰ ਕਿਸਮਾਂ ਪੀਬੀਡਬਲਯੂ-826, ਪੀਬੀਡਬਲਯੂ-872, ਡੀਬੀਡਬਲਯੂ-327 ਅਤੇ ਡੀਬੀਡਬਲਯੂ-187 ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ 2000 ਰੁਪਏ ਦੀ ਸਬਸਿਡੀ ਦੇਣ ਉਪਰੰਤ ਕਣਕ ਦਾ ਬੀਜ 2250 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਦਿੱਤਾ ਜਾ ਰਿਹਾ ਹੈ। ਕਿਸਾਨ ਸਬਸਿਡੀ ਦਾ ਲਾਭ ਲੈਣ ਲਈ ਵਿਭਾਗ ਦੇ ਪੋਰਟਲ Agrimachinerypb.com ਤੇ ਖੁਦ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਫਾਰਮ ਭਰਨ ਤੋਂ ਬਾਅਦ ਉਸ ਦਾ ਪ੍ਰਿੰਟ ਲੈ ਕੇ ਸਬੰਧਤ ਨੰਬਰਦਾਰ ਜਾਂ ਮੌਜੂਦਾ ਸਰਪੰਚ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ। ਇੱਕ ਫਾਰਮ ਰਾਹੀਂ ਵੱਧ ਤੋਂ ਵੱਧ ਦੋ ਥੈਲੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬੀਜ ਦੇ ਹਰੇਕ ਥੈਲੇ ਵਿਚ 40 ਕਿਲੋਗ੍ਰਾਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੀਜ ਦੀਆਂ ਵੱਖ-ਵੱਖ ਕਿਸਮਾਂ ਦੀ ਉਪਲਬਧਤਾ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਬੀਜ ਦੀ ਉਪਲਬਧਤਾ ਦੇ ਆਧਾਰ ਤੇ ਵੰਡ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਬਸਿਡੀ ਤੇ ਸਰਟੀਫਾਈਡ ਕਣਕ ਦਾ ਬੀਜ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਉਤਪਾਦਨ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ।