ਬੁਰਜ ਮਹਿਮਾ ਦੇ ਖੇਡ ਮੈਦਾਨ ’ਚ 60 ਬੂਟੇ ਲਾਏ ਬੁਰਜ ਮਹਿਮਾ ਦੇ ਖੇਡ ਮੈਦਾਨ ’ਚ 60 ਬੂਟੇ ਲਾਏ
Publish Date: Mon, 21 Sep 2026 04:46 PM (IST)
Updated Date: Mon, 21 Sep 2026 04:48 PM (IST)
ਸੀਨੀਅਰ ਰਿਪੋਰਟਰ ਬਠਿੰਡਾ ਬਾਬਾ ਫਰੀਦ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਸਕੂਲ ਆਫ ਬਿਜ਼ਨਸ ਸਟੱਡੀਜ਼ (ਐੱਸਬੀਐੱਸ) ਦੇ ਵਿਦਿਆਰਥੀਆਂ ਵੱਲੋਂ ਪਿੰਡ ਬੁਰਜ ਮਹਿਮਾ ਦੇ ਖੇਡ ਮੈਦਾਨ ਵਿਚ ਪਿੰਡ ਦੇ ਸਰਵੇਖਣ ਅਤੇ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪਿੰਡ ਦੇ ਵਾਤਾਵਰਣ ਤੇ ਸਮਾਜਿਕ ਪੱਖਾਂ ਦਾ ਸਰਵੇਖਣ ਕਰਨ ਦੇ ਨਾਲ-ਨਾਲ ਹਰਿਆਲੀ ਨੂੰ ਵਧਾਉਣਾ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਮੁਹਿੰਮ ਵਿਚ ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ 37 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਖੇਡ ਮੈਦਾਨ ਵਿਚ ਕੁੱਲ 60 ਬੂਟੇ ਲਗਾਏ ਗਏ। ਉਨ੍ਹਾਂ ਨੇ ਵਾਤਾਵਰਣਕ ਸੰਤੁਲਨ, ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿੰਡ ਦੀ ਸਰਪੰਚ ਸੁਖਪਾਲ ਕੌਰ ਅਤੇ ਸਥਾਨਕ ਭਾਈਚਾਰੇ ਵੱਲੋਂ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਸਰਪੰਚ ਨੇ ਮੁਹਿੰਮ ਲਈ ਲੋੜੀਂਦੀਆਂ ਸਹੂਲਤਾਂ, ਸਾਜ਼ੋ-ਸਾਮਾਨ ਅਤੇ ਹੋਰ ਸਰੋਤ ਮੁਹੱਈਆ ਕਰਵਾਉਣ ਵਿਚ ਸਹਿਯੋਗ ਕੀਤਾ। ਸਰਪੰਚ ਸੁਖਪਾਲ ਕੌਰ ਨੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਕੀਤੀ ਇਸ ਸਮਾਜਿਕ ਅਤੇ ਵਾਤਾਵਰਣਕ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੀ ਪਿੰਡ ਵਿੱਚ ਸਮਾਜਿਕ ਸੇਵਾ ਅਤੇ ਭਾਈਚਾਰਕ ਭਲਾਈ ਦੀਆਂ ਗਤੀਵਿਧੀਆਂ ਲਈ ਸੰਸਥਾ ਨਾਲ ਸਹਿਯੋਗ ਜਾਰੀ ਰੱਖਣ ਦੀ ਗੱਲ ਕਹੀ।