ਜ਼ਿਲ੍ਹੇ ਦੇ 53 ਆਮ ਆਦਮੀ ਕਲੀਨਿਕ ਬੰਦ, ਮਰੀਜ਼ ਹੋਏ ਪ੍ਰੇਸ਼ਾਨ, ਬਿਨਾਂ ਦਵਾਈ ਲਏ ਬੇਰੰਗ ਪਰਤੇ ਜ਼ਿਲ੍ਹੇ ਦੇ 53 ਆਮ ਆਦਮੀ ਕਲੀਨਿਕ ਬੰਦ, ਮਰੀਜ਼ ਹੋਏ ਪ੍ਰੇਸ਼ਾਨ, ਬਿਨਾਂ ਦਵਾਈ ਲਏ ਬੇਰੰਗ ਪਰਤੇ
Publish Date: Tue, 25 Aug 2026 04:40 PM (IST)
Updated Date: Tue, 25 Aug 2026 04:42 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਆਮ ਆਦਮੀ ਕਲੀਨਿਕਾਂ ਵਿਚ ਤਾਇਨਾਤ ਡਾਕਟਰਾਂ, ਫਾਰਮਾਸਿਸਟਾਂ ਅਤੇ ਕਲੀਨਿਕਲ ਅਸਿਸਟੈਂਟਾਂ ਨੇ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਆਮ ਆਦਮੀ ਕਲੀਨਿਕ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ ਸ਼ੁਰੂ ਹੋਈ ਇਸ ਹੜਤਾਲ ਦਾ ਜ਼ਿਲ੍ਹੇ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੜਤਾਲ ਦੇ ਪਹਿਲੇ ਹੀ ਦਿਨ ਬਠਿੰਡਾ ਜ਼ਿਲ੍ਹੇ ਦੇ ਸਾਰੇ 53 ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਹਜ਼ਾਰਾਂ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮਰੀਜ਼ਾਂ ਦਾ ਦਬਾਅ ਵਧਣ ਕਾਰਨ ਸਿਵਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਅਤੇ ਸਬ-ਡਿਵੀਜ਼ਨ ਹਸਪਤਾਲਾਂ (ਐੱਸਡੀਐੱਚ) ਵਿਚ ਸਿਹਤ ਸੇਵਾਵਾਂ ’ਤੇ ਵਾਧੂ ਬੋਝ ਪੈ ਗਿਆ। ਮੰਗਲਵਾਰ ਸਵੇਰੇ ਜ਼ਿਲ੍ਹੇ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰਦੇ ਮੁਲਾਜ਼ਮ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਵਿਹੜੇ ਵਿਚ ਇਕੱਠੇ ਹੋਏ ਅਤੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਹੜਤਾਲ ਕਾਰਨ ਆਮ ਆਦਮੀ ਕਲੀਨਿਕਾਂ ਵਿਚ ਰੋਜ਼ਾਨਾ ਇਲਾਜ ਅਤੇ ਦਵਾਈਆਂ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਈ ਮਰੀਜ਼ ਸਵੇਰੇ ਨਿਰਧਾਰਤ ਸਮੇਂ ’ਤੇ ਕਲੀਨਿਕਾਂ ਵਿਚ ਪਹੁੰਚੇ, ਪਰ ਕੇਂਦਰ ਬੰਦ ਮਿਲਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਗਏ। ਉੱਥੇ ਹੀ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਦਵਾਈਆਂ ਲੈਣ ਅਤੇ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ, ਸੀਐੱਚਸੀ ਅਤੇ ਐੱਸਡੀਐੱਚ ਦਾ ਰੁਖ ਕਰਨਾ ਪਿਆ। ਇਸ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵਧ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਸਰਕਾਰੀ ਹਸਪਤਾਲਾਂ ’ਤੇ ਮਰੀਜ਼ਾਂ ਦਾ ਦਬਾਅ ਹੋਰ ਵਧ ਸਕਦਾ ਹੈ। ਦਰਅਸਲ, ਆਮ ਆਦਮੀ ਕਲੀਨਿਕ ਸ਼ੁਰੂ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁੱਢਲੀਆਂ ਸਿਹਤ ਸੇਵਾਵਾਂ, ਮੁਫ਼ਤ ਦਵਾਈਆਂ ਅਤੇ ਜ਼ਰੂਰੀ ਜਾਂਚ ਦੀਆਂ ਸਹੂਲਤਾਂ ਮਿਲਣ ਲੱਗੀਆਂ ਸਨ। ਇਸ ਨਾਲ ਸਿਵਲ ਹਸਪਤਾਲਾਂ ’ਤੇ ਮਰੀਜ਼ਾਂ ਦਾ ਭਾਰ ਘਟਿਆ ਸੀ। ਹੁਣ ਕਲੀਨਿਕ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਮੁੜ ਹਸਪਤਾਲਾਂ ਦਾ ਰੁਖ ਕਰਨਾ ਪੈ ਰਿਹਾ ਹੈ। ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਹਰ ਵਾਰ ਮੰਗਾਂ ’ਤੇ ਸਕਾਰਾਤਮਕ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ, ਪਰ ਹੁਣ ਤੱਕ ਕਿਸੇ ਵੀ ਭਰੋਸੇ ਨੂੰ ਲਾਗੂ ਕਰਨ ਸਬੰਧੀ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਵਿਚ ਤਨਖਾਹ ਅਤੇ ਇੰਸੈਂਟਿਵ ਵਿਚ ਸਾਲਾਨਾ ਵਾਧਾ, ਕੈਜ਼ੂਅਲ ਅਤੇ ਮੈਡੀਕਲ ਛੁੱਟੀ ਦੀ ਸਹੂਲਤ, ਨੌਕਰੀ ਦੀ ਸੁਰੱਖਿਆ, ਸੇਵਾ ਸ਼ਰਤਾਂ ਵਿੱਚ ਸੁਧਾਰ ਅਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਫਲਤਾ ਵਿਚ ਡਾਕਟਰਾਂ, ਫਾਰਮਾਸਿਸਟਾਂ ਅਤੇ ਕਲੀਨਿਕਲ ਅਸਿਸਟੈਂਟਾਂ ਦੀ ਅਹਿਮ ਭੂਮਿਕਾ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਵੀ ਕਈ ਵਾਰ ਮੁਲਾਕਾਤ ਕਰਕੇ ਮੰਗਾਂ ਉਠਾਈਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਜ਼ੁਬਾਨੀ ਭਰੋਸਿਆਂ ਨਾਲ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਸਬੰਧੀ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਬਠਿੰਡਾ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਸਿਵਲ ਸਰਜਨ ਦਫ਼ਤਰਾਂ ਦੇ ਬਾਹਰ ਇਸੇ ਤਰ੍ਹਾਂ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉੱਧਰ, ਹੜਤਾਲ ਕਾਰਨ ਸਿਹਤ ਸੇਵਾਵਾਂ ’ਤੇ ਪਏ ਪ੍ਰਭਾਵ ਨੂੰ ਦੇਖਦਿਆਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਤੋਂ ਜਲਦ ਹੱਲ ਕੱਢਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਕਲੀਨਿਕਾਂ ਦੇ ਬੰਦ ਰਹਿਣ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਗਰੀਬ ਅਤੇ ਪੇਂਡੂ ਖੇਤਰਾਂ ਦੇ ਮਰੀਜ਼ਾਂ ਨੂੰ ਹੋ ਰਹੀ ਹੈ, ਜੋ ਰੋਜ਼ਾਨਾ ਦੀਆਂ ਦਵਾਈਆਂ ਅਤੇ ਮੁੱਢਲੇ ਇਲਾਜ ਲਈ ਇਨ੍ਹਾਂ ਕੇਂਦਰਾਂ ’ਤੇ ਨਿਰਭਰ ਹਨ।