ਸੀਯੂ ਪੰਜਾਬ ਦੇ 25 ਵਿਗਿਆਨੀ ਟੌਪ 2 ਪ੍ਰਤੀਸ਼ਤ ਗਲੋਬਲ ਸਾਇੰਟਿਸਟਸ ਸੂਚੀ ’ਚ ਸ਼ਾਮਲ ਸੀਯੂ ਪੰਜਾਬ ਦੇ 25 ਵਿਗਿਆਨੀ ਟੌਪ 2 ਪ੍ਰਤੀਸ਼ਤ ਗਲੋਬਲ ਸਾਇੰਟਿਸਟਸ ਸੂਚੀ ਵਿੱਚ ਸ਼ਾਮਲ
Publish Date: Sat, 10 Oct 2026 04:41 PM (IST)
Updated Date: Sat, 10 Oct 2026 04:41 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ 24 ਅਧਿਆਪਕਾਂ ਤੇ ਇਕ ਖੋਜਾਰਥੀ ਨੇ ਸਾਲ 2026 ਦੀ ਪ੍ਰਤਿਸ਼ਠਿਤ ‘ਟੌਪ 2 ਪ੍ਰਤੀਸ਼ਤ ਗਲੋਬਲ ਸਾਇੰਟਿਸਟਸ’ ਸੂਚੀ ਵਿਚ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਖੋਜ ਸਮੂਹ ਵੱਲੋਂ ਤਿਆਰ ਕੀਤੀ ਇਸ ਸੂਚੀ ਵਿਚ ਵਿਗਿਆਨੀਆਂ ਨੂੰ ਉਨ੍ਹਾਂ ਦੇ ਖੋਜ ਯੋਗਦਾਨ, ਸਾਈਟੇਸ਼ਨ ਤੇ ਵਿਸ਼ਵ ਪੱਧਰੀ ਖੋਜ ਪ੍ਰਭਾਵ ਦੇ ਆਧਾਰ ’ਤੇ ਮਾਨਤਾ ਦਿੱਤੀ ਜਾਂਦੀ ਹੈ। ਇਹ ਸੂਚੀ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋ. ਜੌਹਨ ਪੀਏ ਇਯੋਨੀਡਿਸ ਦੀ ਅਗਵਾਈ ਵਾਲੇ ਖੋਜ ਸਮੂਹ ਵੱਲੋਂ ਤਿਆਰ ਕੀਤੇ ‘ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ’ ਦਾ ਹਿੱਸਾ ਹੈ, ਜਿਸਨੂੰ ਐਲਸੇਵੀਅਰ ਵੱਲੋਂ 7 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਸ ਵਿਚ ਦੁਨੀਆ ਦੇ ਚੋਟੀ ਦੇ 1,00,000 ਵਿਗਿਆਨੀਆਂ ਜਾਂ ਆਪਣੇ ਖੇਤਰ ਦੇ ਚੋਟੀ ਦੇ 2 ਫੀਸਦੀ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। 2026 ਦੀ ਸਿੰਗਲ-ਈਅਰ ਸ਼੍ਰੇਣੀ ਵਿਚ ਸੀਯੂ ਪੰਜਾਬ ਦੇ 25 ਖੋਜਕਰਤਾਵਾਂ ਨੂੰ ਸਥਾਨ ਮਿਲਿਆ ਹੈ। ਯੂਨੀਵਰਸਿਟੀ ਦੀ ਪ੍ਰਤੀਨਿਧਤਾ 2022 ਵਿਚ 8 ਵਿਗਿਆਨੀਆਂ ਤੋਂ ਵਧ ਕੇ 2023 ਵਿਚ 11, 2024 ਵਿਚ 18 ਅਤੇ 2025 ਵਿਚ 25 ਤੱਕ ਪਹੁੰਚੀ ਸੀ ਤੇ 2026 ਵਿਚ ਵੀ 25 ਦਾ ਅੰਕੜਾ ਬਰਕਰਾਰ ਰਿਹਾ ਹੈ। ਇਸ ਤੋਂ ਇਲਾਵਾ 5 ਫੈਕਲਟੀ ਮੈਂਬਰਾਂ ਨੂੰ ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿਚ ਵੀ ਮਾਨਤਾ ਮਿਲੀ ਹੈ, ਜੋ ਯੂਨੀਵਰਸਿਟੀ ਲਈ ਹੁਣ ਤੱਕ ਦੀ ਸਭ ਤੋਂ ਵੱਧ ਪ੍ਰਤੀਨਿਧਤਾ ਹੈ। ਸਿੰਗਲ-ਈਅਰ ਸੂਚੀ ਵਿਚ ਸ਼ਾਮਲ ਵਿਗਿਆਨੀਆਂ ਵਿੱਚ ਡਾ. ਬਾਲਾਚੰਦਰ ਵੇਲਿੰਗੀਰੀ, ਪ੍ਰੋ. ਜਸਵਿੰਦਰ ਸਿੰਘ ਭੱਟੀ, ਡਾ. ਵਿਜੇ ਕੁਮਾਰ ਰੈੱਡੀ ਕੋਂਡਰੈੱਡੀ, ਡਾ. ਖੇਤਾਨ ਸ਼ੇਵਕਾਨੀ, ਪ੍ਰੋ. ਵਿਨੋਦ ਕੁਮਾਰ ਗਰਗ, ਡਾ. ਸ਼ਸ਼ਾਂਕ ਕੁਮਾਰ, ਡਾ. ਮੁਕੇਸ਼ ਕੁਮਾਰ ਯਾਦਵ, ਡਾ. ਪੁਨੀਤ ਕੁਮਾਰ, ਡਾ. ਬਲਜਿੰਦਰ ਸਿੰਘ ਗਿੱਲ, ਡਾ. ਮਹਾਲਕਸ਼ਮੀ ਅਈਅਰ, ਡਾ. ਪ੍ਰਸ਼ਾਂਤ ਸਵਪਨਿਲ, ਡਾ. ਉੱਜਵਲ ਸ਼ਰਮਾ, ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ, ਡਾ. ਪ੍ਰਦੀਪ ਕੁਮਾਰ, ਪ੍ਰੋ. ਰਣਧੀਰ ਸਿੰਘ ਦਹੀਆ, ਡਾ. ਅਸ਼ੋਕ ਕੁਮਾਰ, ਡਾ. ਏਐਲ ਸ਼ਰਮਾ, ਡਾ. ਉਮਾਸ਼ੰਕਰ ਨਾਵਿਕ, ਡਾ. ਵਿਕਾਸ ਜੈਤਕ, ਡਾ. ਸਚਿਨ ਕੁਮਾਰ, ਪ੍ਰੋ. ਸੁਰੇਸ਼ ਥਰੇਜਾ, ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ, ਡਾ. ਵਿਕਰਮਦੀਪ ਮੋਂਗਾ, ਡਾ. ਆਦਰਸ਼ ਕੁਮਾਰ ਤੇ ਖੋਜਾਰਥੀ ਰਿਸ਼ਿਕਾ ਧਪੋਲਾ ਸ਼ਾਮਲ ਹਨ। ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿਚ ਪ੍ਰੋ. ਵਿਨੋਦ ਕੁਮਾਰ ਗਰਗ, ਡਾ. ਖੇਤਾਨ ਸ਼ੇਵਕਾਨੀ, ਪ੍ਰੋ. ਜਸਵਿੰਦਰ ਸਿੰਘ ਭੱਟੀ, ਡਾ. ਪ੍ਰਦੀਪ ਕੁਮਾਰ ਅਤੇ ਪ੍ਰੋ. ਸੁਰੇਸ਼ ਥਰੇਜਾ ਨੂੰ ਸਥਾਨ ਮਿਲਿਆ ਹੈ। ਇਸ ਉਪਲਬਧੀ ’ਤੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ ਨੇ ਖੁਸ਼ੀ ਪ੍ਰਗਟ ਕਰਦਿਆਂ ਸਾਰੇ ਮਾਨਤਾ ਪ੍ਰਾਪਤ ਵਿਗਿਆਨੀਆਂ ਨੂੰ ਵਧਾਈ ਦਿੱਤੀ।