ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ‘ਚ 20 ਆਗੂ ਸੂਚੀ ਸ਼ਾਮਲ ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ‘ਚ 20 ਆਗੂ ਸੂਚੀ ਸ਼ਾਮਲ
Publish Date: Wed, 04 Nov 2026 04:14 PM (IST)
Updated Date: Wed, 04 Nov 2026 04:17 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਸ਼ਹਿਰੀ ਖੇਤਰ ਵਿੱਚ ਆਪਣੀਆਂ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਭਾਜਪਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪਾਰਟੀ ਦੇ ਸੰਗਠਨ ਦਾ ਵਿਸਥਾਰ ਕਰਦਿਆਂ ਜ਼ਿਲ੍ਹਾ ਕੋਰ ਕਮੇਟੀ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਕੁੱਲ 20 ਆਗੂਆਂ ਅਤੇ ਵਰਕਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਦਮ ਨੂੰ ਬਠਿੰਡਾ ਵਿੱਚ ਭਾਜਪਾ ਦੀ ਸੰਗਠਨਾਤਮਕ ਮਜ਼ਬੂਤੀ ਤੇ ਆਉਣ ਵਾਲੀਆਂ ਸਿਆਸੀ ਚੁਣੌਤੀਆਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਕੋਰ ਕਮੇਟੀ ਵਿੱਚ ਸਰੂਪ ਚੰਦ ਸਿੰਗਲਾ ਦੇ ਨਾਲ ਦਿਆਲ ਸੋਢੀ, ਪਰਮਪਾਲ ਕੌਰ ਮਲੂਕਾ, ਮੋਹਨ ਲਾਲ ਗਰਗ, ਅਸ਼ੋਕ ਭਾਰਤੀ, ਨਰਿੰਦਰ ਮਿੱਤਲ, ਰਾਜ ਨੰਬਰਦਾਰ, ਸ਼ਾਮ ਲਾਲ ਬਾਂਸਲ, ਗੁਲਸ਼ਨ ਵਧਵਾ, ਵਿਨੋਦ ਬਿੰਟਾ, ਵਿਜੇ ਸਿੰਗਲਾ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ, ਗੁਰਜੀਤ ਮਾਨ, ਕੁਲਰਾਜ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਨੀਰਜ ਜੌੜਾ, ਅਸ਼ੋਕ ਬਾਲਿਆਂਵਾਲੀ, ਨਵੀਨ ਸਿੰਗਲਾ ਤੇ ਦਰਸ਼ਨ ਸਿੰਘ ਕੋਟਫੱਤਾ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੀ ਸਫਲਤਾ ਲਈ ਮਜ਼ਬੂਤ ਸੰਗਠਨ, ਸਰਗਰਮ ਵਰਕਰ ਅਤੇ ਬੂਥ ਪੱਧਰ ਤੇ ਪ੍ਰਭਾਵਸ਼ਾਲੀ ਪ੍ਰਬੰਧਨ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਜਪਾ ਵੱਲੋਂ ਬਠਿੰਡਾ ਸ਼ਹਿਰੀ ਖੇਤਰ ਵਿੱਚ ਕੋਰ ਕਮੇਟੀ ਦਾ ਵਿਸਥਾਰ ਕਰਨਾ ਇਸੇ ਸੰਗਠਨਾਤਮਕ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਨਵੀਂ ਟੀਮ ਦੇ ਸਾਹਮਣੇ ਸ਼ਹਿਰ ਦੇ ਹਰੇਕ ਵਾਰਡ, ਮੁਹੱਲੇ ਤੇ ਬੂਥ ਤੱਕ ਪਾਰਟੀ ਦੀ ਪਹੁੰਚ ਵਧਾਉਣ ਦੀ ਜ਼ਿੰਮੇਵਾਰੀ ਰਹੇਗੀ। ਇਸ ਤੋਂ ਇਲਾਵਾ ਨਵੇਂ ਵਰਕਰਾਂ ਨੂੰ ਪਾਰਟੀ ਨਾਲ ਜੋੜਨਾ, ਪੁਰਾਣੇ ਵਰਕਰਾਂ ਨਾਲ ਤਾਲਮੇਲ ਬਣਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਵੀ ਅਹਿਮ ਕੰਮ ਹੋਣਗੇ। ਭਾਜਪਾ ਵੱਲੋਂ ਸੰਗਠਨ ਦੇ ਵਿਸਥਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੇ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ। ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ, ਕਿਸਾਨ ਸਨਮਾਨ ਨਿਧੀ ਅਤੇ ਗਰੀਬ ਕਲਿਆਣ ਯੋਜਨਾਵਾਂ ਵਰਗੇ ਮੁੱਦਿਆਂ ਨੂੰ ਲੋਕਾਂ ਵਿੱਚ ਲਿਜਾਣਾ ਪਾਰਟੀ ਦੀ ਰਣਨੀਤੀ ਦਾ ਹਿੱਸਾ ਰਹਿ ਸਕਦਾ ਹੈ। ਪਾਰਟੀ ਲਈ ਪੰਜਾਬ ਵਿੱਚ ਨੌਜਵਾਨਾਂ ਦੇ ਰੁਜ਼ਗਾਰ, ਵਪਾਰੀਆਂ ਦੀਆਂ ਸਮੱਸਿਆਵਾਂ, ਸ਼ਹਿਰੀ ਵਿਕਾਸ, ਟ੍ਰੈਫਿਕ, ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਵਰਗੇ ਸਥਾਨਕ ਮੁੱਦਿਆਂ ਤੇ ਵੀ ਲੋਕਾਂ ਨਾਲ ਸੰਪਰਕ ਵਧਾਉਣਾ ਮਹੱਤਵਪੂਰਨ ਰਹੇਗਾ।