15ਵਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ 26 ਤੋਂ, ਤਿਆਰੀਆਂ ਮੁਕੰਮਲ 15ਵਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ 26 ਸਤੰਬਰ ਤੋਂ, ਤਿਆਰੀਆਂ ਮੁਕੰਮਲ
Publish Date: Thu, 24 Sep 2026 05:34 PM (IST)
Updated Date: Fri, 25 Sep 2026 04:06 AM (IST)
ਫੋਟੋ : 20 ਕੈਪਸ਼ਨ : ਨਾਟਿਅਮ ਪੰਜਾਬ ਵੱਲੋਂ ਕਰਵਾਏ ਜਾ ਰਹੇ 15ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਪੋਸਟਰ ਜਾਰੀ ਕਰਦੇ ਹੋਏ ਨਾਟਿਅਮ ਪੰਜਾਬ ਦੇ ਅਹੁਦੇਦਾਰ ਤੇ ਪ੍ਰਬੰਧਕ। ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਰੰਗਮੰਚ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪ੍ਰਮੁੱਖ ਰੰਗਮੰਚ ਗਰੁੱਪ ਨਾਟਿਅਮ ਵੱਲੋਂ ਕਰਵਾਇਆ ਜਾ ਰਿਹਾ 15ਵਾਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ 26 ਸਤੰਬਰ ਤੋਂ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਸ਼ੁਰੂ ਹੋਵੇਗਾ ਤੇ 10 ਅਕਤੂਬਰ ਤੱਕ ਚੱਲੇਗਾ। ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਾਟਿਅਮ ਪੰਜਾਬ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕਿਰਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸੁਨੀਲ ਬਾਂਸਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਾਰ ਫੈਸਟੀਵਲ ਨੂੰ ਹੋਰ ਵਿਸ਼ਾਲ ਰੂਪ ਦਿੰਦਿਆਂ ਨਾਟਕਾਂ ਦੇ ਨਾਲ-ਨਾਲ ਸਾਹਿਤ ਅਤੇ ਰੰਗਮੰਚ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਫੈਸਟੀਵਲ ਦੀ ਸ਼ੁਰੂਆਤ ਰਾਜਸਥਾਨ ਦੀ ਟੀਮ ਵੱਲੋਂ ਪੇਸ਼ ਕੀਤੇ ਜਾਣ ਵਾਲੇ ਨਾਟਕ ‘12 ਐਂਗਰੀਮੈਨ’ ਨਾਲ ਹੋਵੇਗੀ। ਹਰ ਰੋਜ਼ ਸਵੇਰੇ 11 ਵਜੇ ਤੋਂ ਰਾਤ ਦੇ ਨਾਟਕ ਦੀ ਸਮਾਪਤੀ ਤੱਕ ਪੁਸਤਕ ਪ੍ਰਦਰਸ਼ਨੀ ਲੱਗੇਗੀ, ਜਿਸ ਵਿਚ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਪ੍ਰਕਾਸ਼ਕਾਂ ਦੀਆਂ ਸਾਹਿਤ, ਰੰਗਮੰਚ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਉਪਲਬਧ ਹੋਣਗੀਆਂ। ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਸਵੇਰੇ 11:30 ਵਜੇ ਹੋਵੇਗੀ, ਜਿਸ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਸਾਹਿਤ ਅਤੇ ਰੰਗਮੰਚ ਦੀਆਂ ਪ੍ਰਮੁੱਖ ਹਸਤੀਆਂ ਨਾਲ ਸਿੱਧੀ ਗੱਲਬਾਤ ਅਤੇ ਸਵਾਲ-ਜਵਾਬ ਕਰਨਗੇ। ਸ਼ਾਮ 4 ਤੋਂ 7 ਵਜੇ ਤੱਕ ‘ਅਰਾਊਂਡ ਦਾ ਰੰਗਮੰਚ’ ਤਹਿਤ ਬੱਚਿਆਂ ਦੀ ਵਰਕਸ਼ਾਪ, ‘ਪੁਸਤਕਾਂ ਨਾਲ ਗੱਲਾਂ’, ‘ਓਪਨ ਮਾਈਕ’ ਅਤੇ ‘ਮੀਟ ਦਾ ਡਾਇਰੈਕਟਰ’ ਵਰਗੇ ਪ੍ਰੋਗਰਾਮ ਹੋਣਗੇ। ਹਰ ਸ਼ਾਮ 7:40 ਵਜੇ ਸ਼ਮਾ ਰੌਸ਼ਨ ਕਰਨ ਦੀ ਰਸਮ ਉਪਰੰਤ ਨਾਟਕ ਦੀ ਪੇਸ਼ਕਾਰੀ ਸ਼ੁਰੂ ਹੋਵੇਗੀ। 26 ਸਤੰਬਰ ਨੂੰ ਸਵੇਰੇ 11 ਵਜੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਅਤੇ ਪ੍ਰਸਿੱਧ ਪੰਜਾਬੀ ਕਵੀ ਡਾ. ਜਸਵੰਤ ਸਿੰਘ ਜ਼ਫ਼ਰ ਕਰਨਗੇ। ਨਾਟਿਅਮ ਦੇ ਅਹੁਦੇਦਾਰਾਂ ਨੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਹਿਤ ਤੇ ਰੰਗਮੰਚ ਪ੍ਰੇਮੀਆਂ ਨੂੰ ਫੈਸਟੀਵਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।