116 ਕਰੋੜ ਦਾ ਅੰਡਰਬ੍ਰਿਜ ਲੋਕਾਂ ਨੂੰ ਸਮਰਪਿਤ, ਅਨਾਜ ਮੰਡੀ ਰੋਡ ਦਾ ਵੀ ਹੋਇਆ ਨਿਰਮਾਣ 116 ਕਰੋੜ ਦਾ ਅੰਡਰਬ੍ਰਿਜ਼ ਲੋਕਾਂ ਨੂੰ ਸਮਰਪਿਤ, ਅਨਾਜ ਮੰਡੀ ਰੋਡ ਦਾ ਵੀ ਹੋਇਆ ਨਿਰਮਾਣ
Publish Date: Fri, 04 Sep 2026 04:01 PM (IST)
Updated Date: Fri, 04 Sep 2026 04:04 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਾਸੀਆਂ ਲਈ ਲੰਮੇ ਸਮੇਂ ਤੋਂ ਪਰੇਸ਼ਾਨੀ ਦਾ ਕਾਰਨ ਬਣੇ ਪਟਿਆਲਾ ਫਾਟਕ ਰੇਲਵੇ ਕਰਾਸਿੰਗ ਦਾ ਜੰਜਾਲ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ। ਕਰੀਬ 8 ਸਾਲਾਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਕਰਦਿਆਂ ਕਰੀਬ 116 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰੇਲਵੇ ਅੰਡਰਬ੍ਰਿਜ਼ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ। ਅੰਡਰਬ੍ਰਿਜ਼ ਸ਼ੁਰੂ ਹੋਣ ਨਾਲ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਵੀ ਰਫ਼ਤਾਰ ਮਿਲਣ ਦੀ ਉਮੀਦ ਹੈ। ਮਹਿਤਾ ਨੇ ਅਨਾਜ ਮੰਡੀ ਰੋਡ ਨੂੰ ਵੀ ਲੋਕਾਂ ਲਈ ਖੋਲ੍ਹ ਦਿੱਤਾ। ਕਰੀਬ 90 ਫੁੱਟ ਚੌੜੀ ਇਸ ਸੜਕ ਦੇ ਨਿਰਮਾਣ ਨਾਲ ਇਲਾਕੇ ਦੇ ਦੁਕਾਨਦਾਰਾਂ, ਵਪਾਰੀਆਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਸੜਕ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਦੁਕਾਨਦਾਰਾਂ ਨੇ ਰਾਹਤ ਦਾ ਸਾਹ ਲੈਂਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕੀਤਾ। ਰੇਲਵੇ ਫਾਟਕ ਬੰਦ ਹੋਣ ਕਾਰਨ ਲੰਮੇ ਸਮੇਂ ਤੋਂ ਲੋਕਾਂ ਨੂੰ ਜਾਮ, ਸਮੇਂ ਦੀ ਬਰਬਾਦੀ ਅਤੇ ਆਉਣ-ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਅੰਡਰਬ੍ਰਿਜ਼ ਸ਼ੁਰੂ ਹੋਣ ਨਾਲ ਇਸ ਸਮੱਸਿਆ ਤੋਂ ਸਥਾਈ ਰਾਹਤ ਮਿਲਣ ਦੀ ਉਮੀਦ ਹੈ। ਇਸ ਮੌਕੇ ਸ਼ਾਮ ਲਾਲ ਜੈਨ, ਬਿਕਰਮ ਕ੍ਰਾਂਤੀ, ਰਮੇਸ਼ ਕੁਮਾਰ ਮੇਸ਼ਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ। ਹਾਜ਼ਰ ਲੋਕਾਂ ਨੇ ਵਿਕਾਸ ਕਾਰਜਾਂ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਡਰਬ੍ਰਿਜ਼ ਅਤੇ ਸੜਕ ਦੇ ਨਿਰਮਾਣ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਅੰਡਰਬ੍ਰਿਜ਼ ਸਿਰਫ਼ ਕੰਕਰੀਟ ਅਤੇ ਲੋਹੇ ਦਾ ਢਾਂਚਾ ਨਹੀਂ, ਸਗੋਂ ਸ਼ਹਿਰ ਵਾਸੀਆਂ ਦੀ ਸਾਲਾਂ ਪੁਰਾਣੀ ਪਰੇਸ਼ਾਨੀ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਲਈ ਲਗਾਤਾਰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਬਠਿੰਡਾ ਵਿੱਚ ਵੀ ਕਈ ਅਹਿਮ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂਕਿਹਾ ਕਿ ਲੰਮੇ ਸਮੇਂ ਤੋਂ ਲਟਕ ਰਹੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਜਿਨ੍ਹਾਂ ਨੁਮਾਇੰਦਿਆਂ ’ਤੇ ਭਰੋਸਾ ਕੀਤਾ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਭਰੋਸੇ ਨੂੰ ਵਿਕਾਸ ਕਾਰਜਾਂ ਰਾਹੀਂ ਪੂਰਾ ਕਰਨ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ ਨੇ ਲੰਮੇ ਸਮੇਂ ਤੱਕ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਉਨ੍ਹਾਂ ਨੂੰ ਦੂਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਪਟਿਆਲਾ ਫਾਟਕ ਅੰਡਰਬ੍ਰਿਜ਼ ਅਤੇ ਅਨਾਜ ਮੰਡੀ ਰੋਡ ਵਰਗੇ ਪ੍ਰਾਜੈਕਟ ਲੋਕਾਂ ਦੀ ਸਹੂਲਤ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ਦਾ ਯਤਨ ਹੈ ਕਿ ਸ਼ਹਿਰ ਵਿੱਚ ਕੋਈ ਵੀ ਅਹਿਮ ਸਮੱਸਿਆ ਸਾਲਾਂ ਤੱਕ ਲਟਕੀ ਨਾ ਰਹੇ। ਅਨਾਜ ਮੰਡੀ ਰੋਡ ਦੇ ਨਿਰਮਾਣ ਨਾਲ ਇਲਾਕੇ ਦੇ ਦੁਕਾਨਦਾਰਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਸੜਕ ਚੌੜੀ ਹੋਣ ਨਾਲ ਜਿੱਥੇ ਆਵਾਜਾਈ ਸੁਚਾਰੂ ਹੋਵੇਗੀ, ਉੱਥੇ ਬਾਜ਼ਾਰ ਵਿੱਚ ਆਉਣ ਵਾਲੇ ਗਾਹਕਾਂ ਨੂੰ ਵੀ ਆਉਣ-ਜਾਣ ਵਿੱਚ ਸਹੂਲਤ ਮਿਲੇਗੀ। ਦੁਕਾਨਦਾਰਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਸੜਕ ਦੀ ਸਮੱਸਿਆ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਸੀ, ਪਰ ਹੁਣ ਨਵੀਂ ਸੜਕ ਬਣਨ ਨਾਲ ਹਾਲਾਤ ਵਿੱਚ ਸੁਧਾਰ ਆਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਵਿੱਚ ਵਿਕਾਸ ਦੀ ਇਹ ਰਫ਼ਤਾਰ ਅੱਗੇ ਵੀ ਜਾਰੀ ਰਹੇਗੀ। ਸ਼ਹਿਰ ਦੀਆਂ ਸੜਕਾਂ, ਆਵਾਜਾਈ ਵਿਵਸਥਾ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।