8 ਮਹੀਨਿਆਂ ਦੌਰਾਨ 10 ਬੱਚਿਆਂ ਨੂੰ ਮਿਲੇ ਨਵੇਂ ਮਾਪੇ, ਪੰਘੂੜੇ ’ਚ ਆਏ 3 ਬੱਚੇ ਵਿਦੇਸ਼ੀ ਪਰਿਵਾਰਾਂ ਨੇ ਲਏ ਗੋਦ 8 ਮਹੀਨਿਆਂ ਦੌਰਾਨ 10 ਬੱਚਿਆਂ ਨੂੰ ਮਿਲੇ ਨਵੇਂ ਮਾਪੇ, ਪੰਘੂੜੇ ’ਚ ਆਏ 3 ਬੱਚੇ ਵਿਦੇਸ਼ੀ ਪਰਿਵਾਰਾਂ ਨੇ ਲਏ ਗੋਦ
Publish Date: Tue, 03 Nov 2026 04:42 PM (IST)
Updated Date: Tue, 03 Nov 2026 04:44 PM (IST)
ਬਠਿੰਡਾ ਜ਼ਿਲ੍ਹਾ ਬਠਿੰਡਾ ਵਿਚ ਬੱਚਿਆਂ ਨੂੰ ਨਵਾਂ ਪਰਿਵਾਰ ਤੇ ਬਿਹਤਰ ਭਵਿੱਖ ਦੇਣ ਦੀ ਦਿਸ਼ਾ ਵਿਚ ਇਕ ਅਹਿਮ ਪਹਿਲਕਦਮੀ ਸਾਹਮਣੇ ਆਈ ਹੈ। ਪਿਛਲੇ 8 ਮਹੀਨਿਆਂ ਦੌਰਾਨ ਜ਼ਿਲ੍ਹੇ ਵਿਚੋਂ 10 ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਵੱਖ-ਵੱਖ ਪਰਿਵਾਰਾਂ ਵੱਲੋਂ ਗੋਦ ਲਿਆ ਗਿਆ ਹੈ। ਇਨ੍ਹਾਂ ਵਿਚੋਂ 3 ਬੱਚਿਆਂ ਨੂੰ ਅਮਰੀਕਾ (ਯੂਐੱਸਏ), ਕੈਨੇਡਾ ਅਤੇ ਇਟਲੀ ਦੇ ਪਰਿਵਾਰਾਂ ਨੇ ਅਪਣਾਇਆ ਹੈ, ਜਦਕਿ ਬਾਕੀ 7 ਬੱਚਿਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਪਰਿਵਾਰਾਂ ਨੇ ਗੋਦ ਲਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਪਘੂੰੜਿਆਂ ਵਿਚ ਆਏ ਹਨ। ਬਠਿੰਡਾ ਸ਼ਹਿਰ ਵਿਚ ਗੋਨਿਆਣਾ ਰੋਡ ’ਤੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਅੱਗੇ ਤੇ ਨਥਾਣਾ ਦੇ ਅਨਾਥ ਆਸ਼ਰਮ ਦੇ ਬਾਹਰ ਪੰਘੂੜਾ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਗੋਦ ਲਏ ਗਏ 10 ਬੱਚਿਆਂ ਵਿਚ 5 ਮੁੰਡੇ ਤੇ 5 ਕੁੜੀਆਂ ਸ਼ਾਮਲ ਹਨ। ਇਨ੍ਹਾਂ ਬੱਚਿਆਂ ਦੀ ਉਮਰ 2 ਮਹੀਨਿਆਂ ਤੋਂ ਲੈ ਕੇ 7 ਸਾਲ ਤਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਾਕੀ ਬੱਚਿਆਂ ਨੂੰ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੋਹਾਲੀ, ਐੱਸਏਐੱਸ. ਨਗਰ ਤੇ ਪੱਛਮੀ ਬੰਗਾਲ ਦੇ ਪਰਿਵਾਰਾਂ ਵੱਲੋਂ ਗੋਦ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਪਰਿਵਾਰਾਂ ਵੱਲੋਂ ਭਾਰਤ ਸਰਕਾਰ ਦੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (ਸੀਏਆਰਏ) ਦੇ ਅਧਿਕਾਰਤ ਪੋਰਟਲ ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਨਿਰਧਾਰਤ ਦਸਤਾਵੇਜ਼ਾਂ, ਯੋਗਤਾ ਤੇ ਹੋਰ ਕਾਨੂੰਨੀ ਸ਼ਰਤਾਂ ਦੀ ਪੜਤਾਲ ਕੀਤੀ ਜਾਂਦੀ ਹੈ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਬੱਚਾ ਗੋਦ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਬੱਚੇ ਗੋਦ ਦੇਣ ਲਈ ਕੇਵਲ ਦੋ ਅਧਿਕਾਰਤ ਏਜੰਸੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਰੈੱਡ ਕਰਾਸ ਅਡਾਪਸ਼ਨ ਏਜੰਸੀ, ਮਹੰਤ ਗੁਰਬੰਤਾ ਦਾਸ ਸਕੂਲ ਨੇੜੇ ਥਰਮਲ ਪਲਾਂਟ ਦੀਆਂ ਝੀਲਾਂ ਤੇ ਸ੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਸ਼ਾਮਲ ਹਨ। ਇਨ੍ਹਾਂ ਦੋਵਾਂ ਕੇਂਦਰਾਂ ਤੋਂ ਇਲਾਵਾ ਜ਼ਿਲ੍ਹੇ ਵਿਚ ਕਿਸੇ ਹੋਰ ਸੰਸਥਾ ਨੂੰ ਬੱਚੇ ਗੋਦ ਦੇਣ ਦਾ ਅਧਿਕਾਰ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਦੋਵਾਂ ਅਧਿਕਾਰਤ ਕੇਂਦਰਾਂ ਵਿਚ ਪੰਘੂੜੇ ਸਥਾਪਤ ਕੀਤੇ ਗਏ ਹਨ। ਜੇਕਰ ਕੋਈ ਮਾਂ-ਬਾਪ ਕਿਸੇ ਮਜਬੂਰੀ ਕਾਰਨ ਆਪਣੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ ਤਾਂ ਉਹ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਇਨ੍ਹਾਂ ਪੰਘੂੜਿਆਂ ਵਿੱਚ ਛੱਡ ਸਕਦੇ ਹਨ, ਤਾਂ ਜੋ ਬੱਚੇ ਦੀ ਸੁਰੱਖਿਆ ਅਤੇ ਦੇਖਭਾਲ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਕਿਹਾ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਵਿਅਕਤੀਆਂ ਨੂੰ ਸਬੰਧਤ ਵਿਭਾਗ ਜਾਂ ਅਧਿਕਾਰਤ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਗੋਦ ਲੈਣ ਜਾਂ ਦੇਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ ਅਤੇ ਸਿਰਫ਼ ਸੀਏਆਰਏ ਦੇ ਅਧਿਕਾਰਤ ਪੋਰਟਲ ਰਾਹੀਂ ਹੀ ਰਜਿਸਟ੍ਰੇਸ਼ਨ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਰਾਹੀਂ ਬੱਚਾ ਗੋਦ ਲੈਣ ਨਾਲ ਨਾ ਸਿਰਫ਼ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਦੀ ਹੈ, ਸਗੋਂ ਉਨ੍ਹਾਂ ਨੂੰ ਪਿਆਰ, ਸਾਂਭ-ਸੰਭਾਲ ਅਤੇ ਸੁਰੱਖਿਅਤ ਭਵਿੱਖ ਵਾਲਾ ਪਰਿਵਾਰ ਵੀ ਮਿਲਦਾ ਹੈ। 62 ਕੁੜੀਆਂ ਦੇ ਮੁਕਾਬਲੇ ਸਿਰਫ਼ 13 ਮੁੰਡੇ; ਹਰ ਸਾਲ ਔਸਤਨ 4.41 ਬੱਚੇ ਪਹੁੰਚੇ ਪੰਘੂੜੇ ’ਚ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਵੱਲੋ ਪਿਛਲੇ 17 ਸਾਲਾਂ ਤੋਂ ਚਲਾਈ ਜਾ ਰਹੀ ਪੰਘੂੜਾ ਮੁਹਿੰਮ ਦਾ ਉਦੇਸ਼ ਲਾਵਾਰਿਸ ਨਵਜੰਮੇ ਤੇ ਅਣਚਾਹੇ ਬੱਚਿਆਂ ਨੂੰ ਬਚਾਉਣਾ ਹੈ। ਉਹ ਮਾਪੇ ਜੋ ਆਪਣੇ ਨਵਜੰਮੇ ਤੇ ਅਣਚਾਹੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੇ ਜਾਂ ਜੋ ਉਨ੍ਹਾਂ ਨੂੰ ਪਾਲਣ–ਪੋਸ਼ਣ ਵਿਚ ਅਸਮਰੱਥ ਜਾਂ ਹੋਰ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਇੱਥੇ ਉੱਥੇ ਕੂੜੇ ਦੇ ਢੇਰਾਂ ਜਾ ਕੂੜੇਦਾਨਾਂ ਆਦਿ ਵਿਚ ਛੱਡ ਦਿੰਦੇ ਹਨ ਉਨ੍ਹਾਂ ਨੂੰ ਪਨਾਹ ਦੇਣ ਦੇ ਉਦੇਸ਼ ਨਾਲ ਪੰਘੂੜਾ ਲਗਾਇਆ ਗਿਆ ਹੈ। ਪੰਘੂੜੇ ਵਿੱਚ ਪਿਛਲੇ ਲਗਭਗ 17 ਸਾਲਾਂ ਦੌਰਾਨ ਕੁੱਲ 75 ਬੱਚੇ ਆਏ ਹਨ। ਇਨ੍ਹਾਂ ਵਿੱਚ 62 ਕੁੜੀਆਂ ਅਤੇ ਸਿਰਫ਼ 13 ਮੁੰਡੇ ਸ਼ਾਮਲ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਪੰਘੂੜੇ ਵਿੱਚ ਆਉਣ ਵਾਲੀਆਂ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਲਗਭਗ ਪੰਜ ਗੁਣਾ ਵੱਧ ਹੈ। ਪੰਘੂੜੇ ਵਿਚ ਆਉਣ ਵਾਲੇ ਕੁੱਲ ਬੱਚਿਆਂ ਵਿੱਚੋਂ 82.67 ਫ਼ੀਸਦੀ ਕੁੜੀਆਂ ਹਨ, ਜਦਕਿ ਮੁੰਡਿਆਂ ਦੀ ਗਿਣਤੀ ਸਿਰਫ਼ 17.33 ਫ਼ੀਸਦੀ ਹੈ। ਇਸ ਤਰ੍ਹਾਂ ਹਰ 100 ਬੱਚਿਆਂ ਵਿੱਚੋਂ ਲਗਭਗ 83 ਕੁੜੀਆਂ ਹਨ। ਸਾਲ 2010 ਵਿੱਚ 5, ਸਾਲ 2011 ਵਿਚ 7, ਸਾਲ 2012 ਵਿੱਚ 4 ਅਤੇ ਸਾਲ 2013 ਵਿਚ 5 ਬੱਚੇ ਪੰਘੂੜੇ ਵਿੱਚ ਆਏ। ਸਾਲ 2014 ਵਿਚ ਇਹ ਗਿਣਤੀ ਵਧ ਕੇ 8 ਹੋ ਗਈ। ਸਾਲ 2015 ਦੌਰਾਨ ਪੰਘੂੜੇ ਵਿੱਚ ਸਭ ਤੋਂ ਵੱਧ 9 ਬੱਚੇ ਆਏ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਅੰਕੜਾ ਹੈ। ਇਸ ਤੋਂ ਬਾਅਦ ਸਾਲ 2014 ਵਿਚ 8 ਬੱਚੇ ਆਏ ਸਨ, ਜਦਕਿ ਸਾਲ 2011 ਤੇ 2018 ਵਿਚ 7-7 ਬੱਚੇ ਪੰਘੂੜੇ ਵਿੱਚ ਪਹੁੰਚੇ। ਇਸੇ ਤਰ੍ਹਾਂ ਸਾਲ 2016 ਅਤੇ 2017 ਵਿੱਚ 6-6 ਬੱਚੇ ਆਏ ਸਨ। ਸਾਲ 2019 ਵਿੱਚ 3, ਸਾਲ 2020 ਵਿਚ 4, ਸਾਲ 2021 ਅਤੇ 2022 ਵਿੱਚ 2-2 ਬੱਚੇ ਪੰਘੂੜੇ ਵਿੱਚ ਆਏ। ਸਾਲ 2023 ਵਿੱਚ ਕੋਈ ਬੱਚਾ ਨਹੀਂ ਆਇਆ, ਜਦਕਿ ਸਾਲ 2024 ਵਿੱਚ 5 ਬੱਚੇ ਆਏ। ਸਾਲ 2025 ਵਿੱਚ 2 ਬੱਚੇ ਪੰਘੂੜੇ ਵਿੱਚ ਆਏ ਅਤੇ ਦੋਵੇਂ ਮੁੰਡੇ ਸਨ। ਪਿਛਲੇ 17 ਸਾਲਾਂ ਦੇ ਅੰਕੜਿਆਂ ਮੁਤਾਬਕ ਪੰਘੂੜੇ ਵਿੱਚ ਆਉਣ ਵਾਲੇ ਬੱਚਿਆਂ ਦੀ ਸਾਲਾਨਾ ਔਸਤ 4.41 ਬਣਦੀ ਹੈ।