ਦੁਨੀਆ ਭਰ 'ਚ ਛਾਇਆ ਕਬੱਡੀ ਦਾ ਜਾਦੂ, 80 ਦੇਸ਼ਾਂ 'ਚ ਪਹੁੰਚੀ ਖੇਡ; ਓਲੰਪਿਕ 'ਚ ਥਾਂ ਬਣਾਉਣ ਲਈ ਯਤਨ ਤੇਜ਼
ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਵੀ ਦੇਸ਼ ਦਾ ਪੱਖਪਾਤ ਨਹੀਂ ਕੀਤਾ ਜਾ ਸਕਦਾ। ਜਿਸ ਦੇਸ਼ ਦੀ ਟੀਮ ਖੇਡੇਗੀ, ਉਸ ਦੇ ਖਿਡਾਰੀਆਂ ਕੋਲ ਉਸ ਦੇਸ਼ ਦੀ ਨਾਗਰਿਕਤਾ ਜਾਂ ਪਾਸਪੋਰਟ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮਕਸਦ ਕਬੱਡੀ ਨੂੰ ਇੱਕ ਅਜਿਹੀ ਖੇਡ ਬਣਾਉਣਾ ਹੈ, ਜਿਸ ਨੂੰ ਦੁਨੀਆ ਦੇ ਵੱਧ ਤੋਂ ਵੱਧ ਦੇਸ਼ਾਂ ਵਿੱਚ ਸਥਾਨਕ ਖਿਡਾਰੀ ਖੇਡਣ।
Publish Date: Mon, 07 Sep 2026 03:50 PM (IST)
Updated Date: Mon, 07 Sep 2026 03:57 PM (IST)
ਸ਼ਾਮ ਤਿਵਾੜੀ, ਬਟਾਲਾ, ਪੰਜਾਬੀ ਜਾਗਰਣ : ਕਬੱਡੀ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਅਤੇ ਇਸ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ (ਆਈ.ਕੇ.ਐੱਫ) ਦੇ ਚੀਫ ਐਗਜ਼ੀਕਿਊਟਿਵ ਅਫਸਰ (ਸੀ.ਈ.ਓ) ਅਸ਼ੋਕ ਦਾਸ ਨੇ ਕਿਹਾ ਕਿ ਅੱਜ ਕਬੱਡੀ ਲਗਪਗ 80 ਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਣ ਲਈ ਸਾਰੀਆਂ ਕਬੱਡੀ ਸੰਸਥਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ। ਅਸ਼ੋਕ ਦਾਸ ਨੇ ਦੱਸਿਆ ਕਿ ਉਹ ਖੁਦ ਪੰਜਾਬ ਦੇ ਦੋਆਬਾ ਖੇਤਰ ਨਾਲ ਸਬੰਧਤ ਹਨ ਅਤੇ ਕਾਲਜ ਤੇ ਯੂਨੀਵਰਸਿਟੀ ਪੱਧਰ ਤੱਕ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਰਹੇ ਹਨ। ਬਾਅਦ ਵਿੱਚ ਉਹ ਇੰਗਲੈਂਡ ਚਲੇ ਗਏ ਪਰ ਵਿਦੇਸ਼ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਮਨ ਵਿੱਚ ਆਪਣੀ ਮਿੱਟੀ ਅਤੇ ਕਬੱਡੀ ਲਈ ਕੁਝ ਕਰਨ ਦਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਵਿਦੇਸ਼ ਜਾ ਕੇ ਪੈਸਾ ਕਮਾਉਣ ਅਤੇ ਕਾਰੋਬਾਰ ਵਧਾਉਣ ਬਾਰੇ ਸੋਚਦੇ ਹਨ ਪਰ ਉਨ੍ਹਾਂ ਨੇ ਕਬੱਡੀ ਨੂੰ ਆਪਣਾ ਮਿਸ਼ਨ ਬਣਾਇਆ।
ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਸਰਕਲ ਕਬੱਡੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਬ੍ਰਿਟਿਸ਼ ਆਰਮੀ ਦੀਆਂ ਟੀਮਾਂ ਨੂੰ ਵੀ ਕਬੱਡੀ ਦੀ ਸਿਖਲਾਈ ਦਿੱਤੀ। ਇਸ ਤੋਂ ਬਾਅਦ ਯੂਰੋਪ ਦੇ ਇਟਲੀ, ਪੋਲੈਂਡ, ਹਾਲੈਂਡ ਸਮੇਤ ਕਈ ਦੇਸ਼ਾਂ ਵਿੱਚ ਕਬੱਡੀ ਦੀ ਸ਼ੁਰੂਆਤ ਕਰਵਾਉਣ ਅਤੇ ਸਥਾਨਕ ਕਮੇਟੀਆਂ ਬਣਾਉਣ ਲਈ ਕੰਮ ਕੀਤਾ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਵੀ ਕਬੱਡੀ ਨੂੰ ਪਹੁੰਚਾਉਣ ਲਈ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।
ਅਸ਼ੋਕ ਦਾਸ ਨੇ ਕਿਹਾ ਕਿ ਓਲੰਪਿਕ ਵਿੱਚ ਕਬੱਡੀ ਨੂੰ ਸ਼ਾਮਲ ਕਰਵਾਉਣ ਲਈ ਸਿਰਫ਼ ਕਿਸੇ ਇੱਕ ਦੇਸ਼ ਵਿੱਚ ਖੇਡ ਹੋਣਾ ਕਾਫ਼ੀ ਨਹੀਂ। ਇਸ ਲਈ ਵੱਡੀ ਗਿਣਤੀ ਵਿੱਚ ਦੇਸ਼ਾਂ ਵਿੱਚ ਕਬੱਡੀ ਦੀਆਂ ਅਧਿਕਾਰਤ ਫੈਡਰੇਸ਼ਨਾਂ ਹੋਣੀਆਂ ਅਤੇ ਖੇਡ ਦਾ ਸੁਚੱਜਾ ਪ੍ਰਬੰਧਨ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਇਸੇ ਮਕਸਦ ਨਾਲ ਵੱਖ-ਵੱਖ ਕਬੱਡੀ ਸੰਸਥਾਵਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਵੀ ਦੇਸ਼ ਦਾ ਪੱਖਪਾਤ ਨਹੀਂ ਕੀਤਾ ਜਾ ਸਕਦਾ। ਜਿਸ ਦੇਸ਼ ਦੀ ਟੀਮ ਖੇਡੇਗੀ, ਉਸ ਦੇ ਖਿਡਾਰੀਆਂ ਕੋਲ ਉਸ ਦੇਸ਼ ਦੀ ਨਾਗਰਿਕਤਾ ਜਾਂ ਪਾਸਪੋਰਟ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮਕਸਦ ਕਬੱਡੀ ਨੂੰ ਇੱਕ ਅਜਿਹੀ ਖੇਡ ਬਣਾਉਣਾ ਹੈ, ਜਿਸ ਨੂੰ ਦੁਨੀਆ ਦੇ ਵੱਧ ਤੋਂ ਵੱਧ ਦੇਸ਼ਾਂ ਵਿੱਚ ਸਥਾਨਕ ਖਿਡਾਰੀ ਖੇਡਣ।
ਅਸ਼ੋਕ ਦਾਸ ਨੇ ਦੱਸਿਆ ਕਿ ਇਸ ਸਮੇਂ ਲਗਪਗ 80 ਦੇਸ਼ ਕਬੱਡੀ ਨਾਲ ਜੁੜੇ ਹੋਏ ਹਨ, ਜਦਕਿ ਕਰੀਬ 40 ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਰਤ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਸਿੱਧੇ ਤੌਰ ’ਤੇ ਹਿੱਸਾ ਲਿਆ ਅਤੇ ਕੁਝ ਦੇਸ਼ਾਂ ਨੇ ਆਨਲਾਈਨ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕਬੱਡੀ ਨੂੰ ਹੋਰ ਮਜ਼ਬੂਤ ਕਰਨ ਲਈ ਕੋਚਿੰਗ, ਖੇਡ ਮੈਟ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਕਾਮਨਵੈਲਥ ਪੱਧਰ ’ਤੇ ਕਬੱਡੀ ਨੂੰ ਮੌਕਾ ਮਿਲਣ ਅਤੇ ਭਵਿੱਖ ਵਿੱਚ ਓਲੰਪਿਕ ਵਿੱਚ ਇਸ ਦੀ ਐਂਟਰੀ ਨਾਲ ਭਾਰਤ ਨੂੰ ਹੋਰ ਤਮਗੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਸਿਰਫ਼ ਪੰਜਾਬ ਜਾਂ ਭਾਰਤ ਦੀ ਖੇਡ ਨਹੀਂ ਰਹੀ, ਸਗੋਂ ਹੁਣ ਇਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੀ ਪਛਾਣ ਬਣਾ ਰਹੀ ਹੈ। ਕਬੱਡੀ ਨੂੰ ਕ੍ਰਿਕਟ ਅਤੇ ਫੁੱਟਬਾਲ ਵਾਂਗ ਵਿਸ਼ਵ ਪੱਧਰ ਦੀ ਪੇਸ਼ੇਵਰ ਖੇਡ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।