ਸਨਸਨੀਖੇਜ਼ ਵਾਰਦਾਤ : ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਾਦਰੀ ਦਾ ਕਤਲ, ਬਟਾਲਾ ਪੁਲਿਸ ਨੇ 4 ਘੰਟਿਆਂ ’ਚ ਕੀਤਾ ਮੁਲਜ਼ਮ ਗ੍ਰਿਫ਼ਤਾਰ
ਗਾਂਧੀ ਨਗਰ ਕੈਂਪ ਦੇ ਇੱਕ ਘਰ ’ਚ ਬਣੇ ਚਰਚ ’ਚ ਵੀਰਵਾਰ ਸਵੇਰੇ ਪਾਸਟਰ ਬਲਵਿੰਦਰ ਕੁਮਾਰ ਲਾਡੀ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਖ਼ਬਰ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਕਰੀਬ 40 ਸਾਲਾ ਬਲਵਿੰਦਰ ਕੁਮਾਰ ਲਾਡੀ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਪਹੁੰਚ ਗਏ।
Publish Date: Fri, 09 Oct 2026 11:20 AM (IST)
Updated Date: Fri, 09 Oct 2026 11:25 AM (IST)
ਜਾਗਰਣ ਪੱਤਰਕਾਰ, ਬਟਾਲਾ (ਗੁਰਦਾਸਪੁਰ)। ਗਾਂਧੀ ਨਗਰ ਕੈਂਪ ਦੇ ਘਰ ਵਿੱਚ ਬਣੇ ਚਰਚ ਦੇ ਪਾਦਰੀ ਦੇ ਨਾਲ ਮੁਲਜ਼ਮ ਦੀ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਾਦਰੀ ਦੀ ਉਸ ਦੇ ਆਪਣੇ ਹੀ ਘਰ ’ਚ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ਵਿੱਚ ਕਤਲ ਦਾ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਚਾਰ ਘੰਟੇ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਗਾਂਧੀ ਨਗਰ ਕੈਂਪ ਦੇ ਇੱਕ ਘਰ ’ਚ ਬਣੇ ਚਰਚ ’ਚ ਵੀਰਵਾਰ ਸਵੇਰੇ ਪਾਸਟਰ ਬਲਵਿੰਦਰ ਕੁਮਾਰ ਲਾਡੀ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਖ਼ਬਰ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਕਰੀਬ 40 ਸਾਲਾ ਬਲਵਿੰਦਰ ਕੁਮਾਰ ਲਾਡੀ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਪਹੁੰਚ ਗਏ।
ਮ੍ਰਿਤਕ ਦੇ ਭਰਾ ਮਹਿੰਦਰਪਾਲ ਅਤੇ ਭਤੀਜੇ ਸੰਨੀ ਅਨੁਸਾਰ ਸਵੇਰੇ ਕਰੀਬ ਨੌਂ ਵਜੇ ਬਲਵਿੰਦਰ ਕੁਮਾਰ ਲਾਡੀ ਦੇ ਘਰ 'ਤੇ ਦੋ ਮੁਲਜ਼ਮ ਆਏ ਸਨ। ਉਨ੍ਹਾਂ ’ਚੋਂ ਇੱਕ ਮੁਲਜ਼ਮ ਨਰੇਸ਼ ਕੁਮਾਰ ਨੇ ਹੀ ਤੇਜ਼ਧਾਰ ਹਥਿਆਰ ਨਾਲ ਬਲਵਿੰਦਰ ਦੇ ਗਲ਼ੇ 'ਤੇ ਵਾਰ ਕੀਤਾ, ਜਿਸ ਕਾਰਨ ਬਲਵਿੰਦਰ ਕੁਮਾਰ ਦੀ ਸਾਹ ਦੀ ਨਲੀ ਕੱਟਣ ਨਾਲ ਉਸਦੀ ਮੌਤ ਹੋ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਨਰੇਸ਼ ਅਤੇ ਦੂਜਾ ਵਿਅਕਤੀ ਜਾਂਦੇ ਹੋਏ ਨਜ਼ਰ ਆ ਰਹੇ ਹਨ।
ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸਿਵਲ ਲਾਈਨ ਪੁਲਿਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬਲਵਿੰਦਰ ਕੁਮਾਰ ਲਾਡੀ ਦੇ ਕਤਲ ਦੀ ਸੂਚਨਾ ਮਿਲੀ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਗਾਂਧੀ ਕੈਂਪ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਬਲਵਿੰਦਰ ਲਾਡੀ ਦਾ ਕਤਲ ਕਰ ਦਿੱਤਾ ਹੈ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਸਬੂਤ ਜੁਟਾਉਣੇ ਸ਼ੁਰੂ ਕਰ ਦਿੱਤੇ। ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਮਹਿੰਦਰਪਾਲ ਦੇ ਬਿਆਨ 'ਤੇ ਮੁਲਜ਼ਮ ਨਰੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਲਜ਼ਮ ਨਰੇਸ਼ ਕੁਮਾਰ ਨੂੰ ਵੀ.ਐੱਮ.ਐੱਸ. ਕਾਲਜ ਦੇ ਕੋਲੋਂ ਮਹਿਜ਼ ਚਾਰ ਘੰਟੇ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ ਕਤਲ ’ਚ ਵਰਤਿਆ ਗਿਆ ਕਟਰ ਵੀ ਬਰਾਮਦ ਕਰ ਲਿਆ ਹੈ।
ਨਾਜਾਇਜ਼ ਸਬੰਧਾਂ ਦਾ ਸ਼ੱਕ ਬਣਿਆ ਕਤਲ ਦਾ ਕਾਰਨ - ਡੀ.ਐੱਸ.ਪੀ. ਸਿਟੀ
ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਗਾਂਧੀ ਕੈਂਪ ਦੇ ਹੀ ਰਹਿਣ ਵਾਲੇ ਮੁਲਜ਼ਮ ਨਰੇਸ਼ ਕੁਮਾਰ ਦੀ ਪਤਨੀ ਬਲਵਿੰਦਰ ਪਾਦਰੀ ਦੇ ਚਰਚ ਵਿੱਚ ਜਾਇਆ ਕਰਦੀ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਪਾਦਰੀ ਬਲਵਿੰਦਰ ਨਾਲ ਨਾਜਾਇਜ਼ ਸਬੰਧ ਹਨ।
ਇਸੇ ਕਾਰਨ ਮੁਲਜ਼ਮ ਨੇ ਇੱਕ ਕਟਰ ਨਾਲ ਵੀਰਵਾਰ ਸਵੇਰੇ ਕਰੀਬ ਨੌਂ ਵਜੇ ਬਲਵਿੰਦਰ ਦੇ ਘਰ ਜਾ ਕੇ ਗਲਾ ਰੇਤ ਦਿੱਤਾ, ਜਿਸ ਦੌਰਾਨ ਬਲਵਿੰਦਰ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਲਵਿੰਦਰ ਦੀ ਮੌਤ ਹੋ ਚੁੱਕੀ ਸੀ।
ਫਿਲਹਾਲ ਪੁਲਿਸ ਨੇ ਵਾਰਦਾਤ ਦੇ ਚਾਰ ਘੰਟੇ ਬਾਅਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਇਸ ਕਤਲ ’ਚ ਉਸਦਾ ਕੋਈ ਹੋਰ ਸਾਥੀ ਵੀ ਸ਼ਾਮਲ ਸੀ।
ਗਲ਼ੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ
ਮ੍ਰਿਤਕ ਨੇ ਆਪਣੇ ਘਰ ਵਿੱਚ ਹੀ ਚਰਚ ਬਣਾਇਆ ਹੋਇਆ ਸੀ ਅਤੇ ਉਹ ਉਸ ਵਿੱਚ ਪਾਦਰੀ ਸੀ ਤੇ ਇਕੱਲਾ ਹੀ ਰਹਿੰਦਾ ਸੀ, ਜਦੋਂਕਿ ਉਸਦੀ ਪਤਨੀ ਅਤੇ ਦੋ ਬੱਚੇ ਵੱਖ ਰਹਿੰਦੇ ਸਨ। ਮ੍ਰਿਤਕ ਬਲਵਿੰਦਰ ਕੁਮਾਰ ਲਾਡੀ ਆਪਣੀ ਪਤਨੀ ਤੋਂ ਕਾਫ਼ੀ ਸਮੇਂ ਤੋਂ ਵੱਖ ਰਹਿ ਰਿਹਾ ਸੀ।
ਬਲਵਿੰਦਰ ਕੁਮਾਰ ਦੇ ਗਲ਼ੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ, ਜਿਸ ਕਾਰਨ ਪਾਦਰੀ ਬਲਵਿੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਹਾਲਤ ਵਿੱਚ ਉਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਅੱਧੇ ਘੰਟੇ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ।